ਮਾਈ ਭਾਗੋ ਸੰਸਥਾ ਰੱਲਾ ਵਿਖੇ ਪ੍ਰਿੰਸੀਪਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਸੰਸਥਾ ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਅਗਵਾਈ ਹੇਠ ਅਤੇ ਐੱਨਐੱਸਐੱਸ ਵਿਭਾਗ ਦੀ ਅਗਵਾਈ ਸਦਕਾ ਵਿਦਿਆਰਥੀਆਂ ਦੀ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ‘ਸ਼ਖ਼ਸੀਅਤ ਉਸਾਰੀ’ ਵਿਸ਼ੇ ’ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਦੇ ਨੈਤਿਕ ਮੁੱਲਾਂ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਜੋੜਨਾ ਸੀ। ਇਸ ਮੌਕੇ ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਸਾਹਿਬ ਵੱਲੋਂ ਪ੍ਰਸਿੱਧ ਸਮਾਜ ਸੇਵਕ ਅਤੇ ਪ੍ਰੇਰਕ ਵਕਤਾ ਰਾਜਪਾਲ ਸਿੰਘ ਅਤੇ ਵਿਦੇਸ਼ ਵੱਸਦੇ ਸਿੱਖਿਆਵਿਦ ਪ੍ਰਿੰਸੀਪਲ ਰਣਜੀਤ ਸਿੰਘ (ਕੈਨੇਡਾ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਹਾਇਕ ਪ੍ਰੋ. ਸ਼ਮਸੇਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਮੁੱਖ ਬੁਲਾਰੇ ਰਾਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਖ਼ਸੀਅਤ ਦੀ ਅਸਲ ਪਛਾਣ ਸਿਰਫ਼ ਬਾਹਰੀ ਦਿੱਖ ਨਾਲ ਨਹੀਂ, ਸਗੋਂ ਮਨੁੱਖ ਦੇ ਚੰਗੇ ਚਰਿੱਤਰ, ਸੱਚਾਈ, ਸਹਿਣਸ਼ੀਲਤਾ ਅਤੇ ਨੈਤਿਕ ਮੁੱਲਾਂ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਅਤੇ ਜੀਵਨ ਵਿੱਚ ਉੱਚੇ ਲਕਸ਼ ਨਿਰਧਾਰਤ ਕਰ ਕੇ ਉਨ੍ਹਾਂ ਨੂੰ ਹਾਸਲ ਕਰਨ ਲਈ ਦ੍ਰਿੜ ਨਿਸ਼ਚੇ ਨਾਲ ਮਿਹਨਤ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਸਹਿਜ ਪਾਠ ਸੇਵਾ ਲਹਿਰ ਨਾਲ ਜੁੜ ਕੇ ਮਨ ਦੀ ਸ਼ਾਂਤੀ ਅਤੇ ਆਤਮਿਕ ਵਿਕਾਸ ਵੱਲ ਵੀ ਪ੍ਰੇਰਿਤ ਕੀਤਾ। ਇਸ ਮੌਕੇ ਦੂਜੇ ਮੁੱਖ ਵਕਤਾ ਪ੍ਰਿੰਸੀਪਲ ਰਣਜੀਤ ਸਿੰਘ (ਕੈਨੇਡਾ) ਨੇ ਆਪਣੇ ਵਿਸਥਾਰਪੂਰਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਢਾਲ ਲੈਂਦੇ ਹਨ, ਤਾਂ ਉਹ ਨਾ ਸਿਰਫ਼ ਚੰਗੇ ਵਿਦਿਆਰਥੀ ਬਣ ਸਕਦੇ ਹਨ, ਸਗੋਂ ਉੱਚ ਕੋਟਿ ਦੇ ਇਨਸਾਨ ਵੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸਮੇਂ ਦੀ ਕਦਰ, ਅਨੁਸ਼ਾਸਨ ਅਤੇ ਸਦਾਚਾਰ ਸਭ ਤੋਂ ਵੱਡੀ ਪੂੰਜੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਅਤੇ ਆਤਮਿਕ ਮੁੱਲਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ, ਤਾਂ ਜੋ ਉਹ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਰੱਖ ਸਕਣ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਕਤਾਵਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਦਿਆਂ ਉਨ੍ਹਾਂ ਤੋਂ ਪ੍ਰੇਰਨਾ ਪ੍ਰਾਪਤ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਸਹਾਇਕ ਪ੍ਰੋ. ਧੀਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੇਰਕ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਨੈਤਿਕਤਾ, ਆਤਮ-ਵਿਸ਼ਵਾਸ ਅਤੇ ਜੀਵਨ ਦੇ ਸਹੀ ਮਾਰਗ ਦੀ ਚੇਤਨਾ ਪੈਦਾ ਕਰਦੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫ਼ਿਸ ਐਡਮਨਿਸਟ੍ਰੇਟਰ ਲਵਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਅਜਿਹੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਉਣ ਲਈ ਵਚਨਬੱਧਤਾ ਪ੍ਰਗਟ ਕੀਤੀ।