ਦਿ ਰੋਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ’ਚ ਮਨਾਈ ਲੋਹੜੀ
ਦਿ ਰੋਇਲ ਕਾਲਜ ਆਫ਼ ਨਰਸਿੰਗ ਬੋੜਾਵਾਲ
Publish Date: Wed, 14 Jan 2026 06:04 PM (IST)
Updated Date: Thu, 15 Jan 2026 04:07 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਦਿ ਰੋਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਵਿਖ਼ੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਇਕੱਠੇ ਹੋ ਕੇ ਲੋਹੜੀ ਦੀ ਅੱਗ ਬਾਲੀ ਅਤੇ ਰਵਾਇਤੀ ਗੀਤ ਗਾ ਕੇ ਤਿਉਹਾਰ ਦੀ ਰੌਣਕ ਵਧਾਈ। ਸਮਾਗਮ ਦੌਰਾਨ ਰਿਉੜੀਆਂ, ਮੂੰਗਫਲੀ ਤੇ ਗੱਚਕ ਵੰਡੇ ਗਏ, ਜੋ ਲੋਹੜੀ ਦੀ ਰਵਾਇਤ ਦਰਸਾਉਂਦੇ ਹਨ। ਵਿਦਿਆਰਥੀਆਂ ਵੱਲੋਂ ਗਿੱਧੇ ਅਤੇ ਭੰਗੜੇ ਦੀ ਮਨਮੋਹਕ ਪੇਸ਼ਕਾਰੀ ਕੀਤੀ ਗਈ, ਜਿਸ ਨਾਲ ਪੂਰ੍ਹਾ ਮਾਹੌਲ ਖੁਸ਼ਗਵਾਰ ਬਣ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਕਿਸਾਨੀ ਨਾਲ ਜੁੜੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ । ਕਾਲਜ ਡਾਇਰੈਕਟਰ ਡਾਕਟਰ ਕੁਲਦੀਪ ਸਿੰਘ ਬੱਲ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਲੋਹੜੀ ਸਾਡੀ ਵਿਰਾਸਤ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਪਛਾਣ ਨਾਲ ਜੁੜੇ ਰਹਿਣ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਵਿਦਿਆਰਥੀਆਂ ਵਿੱਚ ਏਕਤਾ ਅਨੁਸ਼ਾਸਨ ਅਤੇ ਸਾਂਝ ਦੀ ਭਾਵਨਾ ਨੂੰ ਮਜਬੂਤ ਕਰਦੇ ਹਨ। ਉਨ੍ਹਾਂ ਨੇ ਆਸ ਜਤਾਈ ਕਿ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਵੀ ਸੰਭਾਲ ਕੇ ਰੱਖਣਗੇ। ਸਮਾਗਮ ਦੇ ਅੰਤ ਵਿੱਚ ਸਭ ਨੇ ਇੱਕ ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੁੱਖ- ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ।