ਮੀਂਹ ਨਾਲ ਕਣਕ ਦੀ ਫ਼ਸਲ ਦਾ ਨੁਕਸਾਨ, ਕਿਸਾਨ ਨਿਰਾਸ਼
ਮਾਨਸਾ ਜ਼ਿਲ੍ਹੇ ਦੇ ਵਿੱਚ ਦੇਰ ਰਾਤ ਹੋਈ
Publish Date: Wed, 08 Apr 2026 06:18 PM (IST)
Updated Date: Thu, 09 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਵਿੱਚ ਦੇਰ ਰਾਤ ਪਏ ਮੀਂਹ ਅਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ। ਜਿਸ ਵਿੱਚੋਂ ਸਰਦੂਲਗੜ੍ਹ ਇਲਾਕੇ ਵਿੱਚ ਪਿਛਲੇ ਦਿਨ੍ਹੀਂ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦੇ ਚਲਦਿਆਂ ਕਿਸਾਨਾਂ ਵੱਲੋਂ ਸਰਕਾਰ ਕੋਲੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਮੀਂਹ ਲਗਾਤਾਰ ਪੈ ਰਹੇ ਹਨ ਤੇ ਕੁੱਝ ਜਗ੍ਹਾ ਗੜੇਮਾਰੀ ਵੀ ਹੋਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕੁਲਦੀਪ ਸਿੰਘ ਕੋਰਵਾਲਾ, ਗੁਰਦਿੱਤ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਦੇਰ ਰਾਤ ਪਏ ਮੀਂਹ ਕਾਰਨ ਜਿੱਥੇ ਕਣਕ ਦੀ ਫ਼ਸਲ ਧਰਤੀ ਤੇ ਵਿੱਛ ਜਾਣ ਕਾਰਨ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫ਼ਿਰ ਚੁੱਕਿਆ ਹੈ, ਉੱਥੇ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਉਨ੍ਹਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਸਰਦੂਲਗੜ੍ਹ ਇਲਾਕੇ ਵਿੱਚ 2023, 2025 ਤੇ 26 ਦੌਰਾਨ ਵੀ ਗੜੇਮਾਰੀ ਕਾਰਨ ਕਈ ਪਿੰਡਾਂ ਦੇ ਵਿੱਚ ਕਣਕ ਦੀ ਫ਼ਸਲ ਤਬਾਹ ਹੋ ਚੁੱਕੀ ਹੈ। ਬੇਸ਼ੱਕ ਅਜੇ ਤੱਕ ਪਿਛਲੀਆਂ ਤਬਾਹ ਹੋਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ, ਉਥੇ ਹੀ ਮੁੜ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਕੋਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਨਾ ਦਿੱਤੀ, ਤਾਂ ਕਿਸਾਨਾਂ ਵੱਲੋਂ ਮਜ਼ਬੂਰਨ ਧਰਨੇ ਪ੍ਰਦਰਸ਼ਨ ਕਰਨਗੇ।