ਸਰਕਾਰੀ ਹਸਪਤਾਲ ’ਚ ਕੀਰਤਨ ਸਮਾਗਮ ਕਰਵਾਇਆ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਲਾਹਣਤ ਨੂੰ
Publish Date: Thu, 01 Jan 2026 06:58 PM (IST)
Updated Date: Thu, 01 Jan 2026 06:59 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਨ ਸਿਵਲ ਹਸਪਤਾਲ ਬੁਢਲਾਡਾ ਵਿੱਚ ਚੱਲ ਰਹੇ ਓਟ ਕਲੀਨਿਕ ਵਿਖੇ ਨਸ਼ਾ ਛੱਡਣ ਲਈ ਆਏ ਮਰੀਜ਼ਾਂ ਨੂੰ ਸਹੁੰ ਚਕਵਾਈ ਗਈ। ਇਸ ਮੌਕੇ ਐੱਸਐੱਮਓ ਬੁਢਲਾਡਾ ਸਰਬਜੀਤ ਸਿੰਘ ਅਤੇ ਪੋਰਟ ਕਲੀਨਿਕ ਦੇ ਕੌਂਸਲਰ ਨਿਸ਼ਾ ਵੱਲੋਂ ਵਿਅਕਤੀਆਂ ਨੂੰ ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਸਮੂਹ ਸਟਾਫ਼ ਅਤੇ ਐੱਸਐੱਮਓ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਨਵੇਂ ਸਾਲ ਦੇ ਪਹਿਲੇ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸਟਾਫ਼ ਮੈਂਬਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਮਰੀਜ਼ਾਂ ਦੀ ਸੁੱਖ ਸ਼ਾਂਤੀ ਅਤੇ ਸਟਾਫ਼ ਦੀ ਚੜ੍ਹਦੀ ਕਲ੍ਹਾ ਲਈ ਹਰ ਸਾਲ ਪਹਿਲੇ ਦਿਨ ਇਹ ਸਮਾਗਮ ਸਰਕਾਰੀ ਹਸਪਤਾਲ ਵਿੱਚ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਰਾਹੀਂ ਕਰਵਾਏ ਜਾਂਦੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਮਾਗਮ ਹੋਇਆ। ਬੀਬੀ ਪਰਮਿੰਦਰ ਕੌਰ ਨੇ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਰਬਜੀਤ ਸਿੰਘ ਅਤੇ ਹਸਪਤਾਲ ਇੰਚਾਰਜ ਹਰਬੰਸ ਲਾਲ ਮੱਤੀ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਰਮਚਾਰੀਆਂ ਨੂੰ ਤਨਦੇਹੀ ਨਾਲ ਆਪਣੀ ਡਿਊਟੀ ਦੇਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸੁੱਖ ਸੁਵਿਧਾ ਦਾ ਹਰ ਤਰ੍ਹਾਂ ਧਿਆਨ ਰੱਖਿਆ ਜਾਵੇਗਾ। ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇਸ ਮੌਕੇ ਨਵੇਂ ਆਏ ਸੀਨੀਅਰ ਮੈਡੀਕਲ ਅਫ਼ਸਰ ਦਾ ਸਨਮਾਨ ਕੀਤਾ ਗਿਆ ਅਤੇ ਹਸਪਤਾਲ ਦੀ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਜਤਿੰਦਰ ਸਿੰਘ, ਮਨਜੀਤ ਕੌਰ, ਦੀਪਾਂਸ਼ੂ ਤੋਂ ਇਲਾਵਾ ਸਮੂਹ ਸਟਾਫ਼, ਮਰੀਜ਼ ਅਤੇ ਸੰਸਥਾ ਮੈਂਬਰ ਆਦਿ ਹਾਜ਼ਰ ਸਨ।