ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਜ਼ਰੂਰੀ: ਪ੍ਰਿੰਸੀਪਲ ਸਵਿਤਾ
ਕਿਡਜ਼ੀ ਅਤੇ ਐਮ.ਬੀ. ਸਕੂਲ ਰੱਲਾ ਵਿਖੇ ਪ੍ਰਿੰਸੀਪਲ
Publish Date: Sun, 15 Feb 2026 06:40 PM (IST)
Updated Date: Mon, 16 Feb 2026 04:09 AM (IST)
-ਕਿਡਜ਼ੀ ਤੇ ਐੱਮਬੀ ਸਕੂਲ ਰੱਲਾ ਵਿਖੇ ਕਰਵਾਈ ਐਥਲੈਟਿਕਸ ਮੀਟ ਦੇ ਜੇਤੂ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਡਜ਼ੀ ਅਤੇ ਐਮਬੀ ਸਕੂਲ ਰੱਲਾ ਵਿਖੇ ਪ੍ਰਿੰਸੀਪਲ ਸਵਿਤਾ ਕਾਠ ਦੀ ਰਹਿਨੁਮਾਈ ਹੇਠ ਇੱਕ ਸ਼ਾਨਦਾਰ ਅਥਲੈਟਿਕਸ ਮੀਟ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਵਧ ਚੜ੍ਹ ਕੇ ਭਾਗ ਲਿਆ। ਅਥਲੈਟਿਕਸ ਮੀਟ ਵਿੱਚ ਪਲੇਅ ਗਰੁੱਪ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਥਲੈਟਿਕਸ ਮੀਟ ਦੌਰਾਨ ਸਿੰਪਲ ਰੇਸ, ਥਰੀ ਲੈੱਗ ਰੇਸ, ਡੱਡੂ ਰੇਸ, ਰਿਲੇਅ ਰੇਸ, ਲੈਮਨ ਰੇਸ, ਚੇਅਰ ਰੇਸ, ਬੈਕ ਰੇਸ, ਕੋਨ ਰੇਸ ਆਦਿ ਕਈ ਤਰ੍ਹਾਂ ਦੀਆਂ ਰੌਚਕ ਤੇ ਮਨੋਰੰਜਕ ਖੇਡਾਂ ਕਰਵਾਈਆਂ।
ਇਨ੍ਹਾਂ ਮੁਕਾਬਲਿਆਂ ਵਿੱਚ ਇਨਾਇਤ ਕੌਰ (ਪਲੇਅ ਗਰੁੱਪ) ਨੇ ਪਹਿਲਾ ਸਥਾਨ ਹਾਸਲ ਕੀਤਾ। ਹਸ਼ਨੀਤ ਕੌਰ (ਨਰਸਰੀ) ਅਤੇ ਗੁਰਸਾਹਿਬ ਕੌਰ (ਤੀਜੀ ਕਲਾਸ) ਨੇ ਵੀ ਪਹਿਲੇ ਸਥਾਨ ਪ੍ਰਾਪਤ ਕੀਤੇ। ਸੁਖਣਾਜ ਕੌਰ (ਨਰਸਰੀ) ਅਤੇ ਏਕਮ ਨੂਰ (ਜੂਨੀਅਰ ਕੇ.ਜੀ.) ਨੇ ਦੂਜੇ ਸਥਾਨ ਹਾਸਲ ਕੀਤੇ। ਹਰਲੀਨ ਕੌਰ (ਸੀਨੀਅਰ ਕੇ.ਜੀ.), ਅਨੁਰੀਤ ਕੌਰ (ਛੇਵੀਂ ਕਲਾਸ) ਅਤੇ ਰਾਜਵਿੰਦਰ ਸਿੰਘ (ਅੱਠਵੀਂ ਕਲਾਸ) ਨੇ ਤੀਜੇ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਵਿਤਾ ਕਾਠ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਪਾਠਕ੍ਰਮ ਦਾ ਅਨਿੱਖੜਵਾਂ ਹਿੱਸਾ ਹਨ। ਇਸ ਲਈ ਪੜ੍ਹਾਈ ਦੇ ਨਾਲ ਸਰੀਰਕ ਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣਾ ਸਾਡੀ ਅਹਿਮ ਜ਼ਿੰਮੇਵਾਰੀ ਦਾ ਹਿੱਸਾ ਹੈ। ਇਸ ਮੌਕੇ ਸਮੂਹ ਮੈਨੇਜ਼ਮੈਂਟ ਵੱਲੋਂ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜ਼ਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ ਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਬਦਲਦੇ ਸਿੱਖਿਆ ਰੁਝਾਨਾਂ ਅਨੁਸਾਰ ਬੱਚਿਆਂ ਨੂੰ ਮੁੱਢਲੇ ਪੱਧਰ ’ਤੇ ਖੇਡਾਂ ਤੇ ਤੰਦਰੁਸਤੀ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਸਕੂਲ ਦੇ ਫਿਜ਼ੀਕਲ ਵਿਭਾਗ ਤੇ ਸਮੂਹ ਸਟਾਫ਼ ਨੇ ਖੇਡਾਂ ਦੇ ਨਾਲ-ਨਾਲ ਮਨੋਰੰਜਕ ਕੋਰੀਓਗ੍ਰਾਫ਼ੀਆਂ ਦੀ ਪੇਸ਼ਕਾਰੀ ਕਰਵਾ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਵਿੱਚ ਆਪਣੀ ਭੂਮਿਕਾ ਦਰਜ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਤਕਸੀਮ ਕੀਤੇ ਗਏ। ਇਹ ਐਥਲੈਟਿਕਸ ਮੀਟ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਅਤੇ ਉਤਸ਼ਾਹ ਭਰਪੂਰ ਅਨੁਭਵ ਸਾਬਤ ਹੋਈ।