- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 25 ਫਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲਣ ਵਾਲੀ ਖਾਲਸਾ ਵਹੀਰ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ। ਜ਼ਿਲ੍ਹਾ ਮਾਨਸਾ ’ਚ ਇਸ ਧਾਰਮਿਕ ਤੇ ਸਮਾਜਿਕ ਜਾਗਰੂਕਤਾ ਮੁਹਿੰਮ ਲਈ ਵੱਡੇ ਪੱਧਰ ’ਤੇ ਲੋਕਾਂ ਨੂੰ ਜੋੜਨ ਦਾ ਅਭਿਆਨ ਜਾਰੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਵੱਖ-ਵੱਖ ਪਿੰਡਾਂ ਹੀਰਕੇ, ਝੁਨੀਰ, ਜੌੜਕੀਆਂ ਰੁੜਕੀ ਵਿਖੇ ਨੁੱਕੜ ਮੀਟਿੰਗਾਂ ਕਰਕੇ ਸੰਗਤਾਂ ਨੂੰ ਖਾਲਸਾ ਵਹੀਰ ਦੇ ਉਦੇਸ਼ਾਂ ਨਾਲ ਜੋੜਿਆ ਗਿਆ। ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਕੋਟਧਰਮੂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਕੋਟਧਰਮੂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਲੋਂ ਆਰੰਭਿਆ ਇਹ ਅਭਿਆਨ ਸਿਰਫ਼ ਧਾਰਮਿਕ ਜਾਗਰੂਕਤਾ ਤਕ ਸੀਮਤ ਨਹੀਂ, ਸਗੋਂ ਸਮਾਜਿਕ ਸੁਧਾਰਾਂ ਦੀ ਇਕ ਵੱਡੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਖਾਲਸਾ ਵਹੀਰ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਵਿੱਚ ਸੱਚਾਈ, ਸਹੀ ਜੀਵਨ ਮਾਰਗ ਅਤੇ ਗੁਰਮਤਿ ਵਿਚਾਰਧਾਰਾ ਪ੍ਰਤੀ ਰੁਝਾਨ ਪੈਦਾ ਕਰਨਾ ਹੈ। ਇਸ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ, ਸਮਾਜਿਕ ਬੁਰਾਈਆਂ ਦਾ ਤਿਆਗ ਕਰਨ ਅਤੇ ਕੌਮੀ ਚੇਤਨਾ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਖਾਲਸਾ ਵਹੀਰ ਨਾਲ ਜੁੜਨ ਲਈ ਉਤਸ਼ਾਹਿਤ ਹਨ। ਪਿੰਡ ਪੱਧਰ ’ਤੇ ਬਣਾਈਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਵਹੀਰ ਪੰਜਾਬ ਦੀ ਫਿਜ਼ਾ ਵਿੱਚ ਨਵੀਂ ਜਾਗਰੂਕਤਾ ਅਤੇ ਆਤਮਿਕ ਉਤਥਾਨ ਦਾ ਸੰਦੇਸ਼ ਲੈ ਕੇ ਆਵੇਗੀ, ਜਿਸ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਵਰਗ ਕਈ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਿਆਂ ਦਾ ਫੈਲਾਅ, ਨੈਤਿਕ ਮੁੱਲਾਂ ਦੀ ਘਾਟ ਅਤੇ ਸਮਾਜਿਕ ਤੌਰ ’ਤੇ ਟੁੱਟਦੀਆਂ ਕੜੀਆਂ ਚਿੰਤਾ ਦਾ ਵਿਸ਼ਾ ਹਨ। ਖਾਲਸਾ ਵਹੀਰ ਰਾਹੀਂ ਨੌਜਵਾਨਾਂ ਨੂੰ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਧਾਰਮਿਕ ਮੂਲਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਖਾਲਸਾ ਵਹੀਰ ਇਕ ਅਜਿਹਾ ਮੰਚ ਹੈ ਜੋ ਸਮਾਜ ਨੂੰ ਸੱਚਾਈ ਤੇ ਨੈਤਿਕਤਾ ਵੱਲ ਮੋੜਣ ਦਾ ਸੱਦਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਬਹੁਤ ਜ਼ਰੂਰੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਤੋਂ ਵਧ ਗਿਣਤੀ ਵਿੱਚ ਇਸ ਅਭਿਆਨ ਨਾਲ ਜੁੜ ਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਓ। ਪਿੰਡ ਪੱਧਰ ’ਤੇ ਲੋਕਾਂ ਵਿੱਚ ਖਾਲਸਾ ਵਹੀਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨ ਖੁਦ ਅੱਗੇ ਆ ਕੇ ਪ੍ਰਬੰਧਕੀ ਸਹਿਯੋਗ ਦੇ ਰਹੇ ਹਨ। ਇਹ ਇਕ ਲੋਕ-ਅਧਾਰਿਤ ਅਭਿਆਨ ਬਣਦਾ ਜਾ ਰਿਹਾ ਹੈ ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ। ਸਮਾਜਿਕ ਇਕਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਖਾਲਸਾ ਵਹੀਰ ਇਸੇ ਮਕਸਦ ਨਾਲ ਲੋਕਾਂ ਨੂੰ ਇਕੱਠਾ ਕਰ ਰਹੀ ਹੈ। ਇਹ ਅਭਿਆਨ ਨੌਜਵਾਨਾਂ ਨੂੰ ਸਹੀ ਜੀਵਨ ਮਾਰਗ ਚੁਣਨ ਲਈ ਪ੍ਰੇਰਿਤ ਕਰੇਗਾ ਅਤੇ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਚੰਗੇ ਸੰਸਕਾਰਾਂ ਨਾਲ ਜੋੜਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਵਹੀਰ ਧਾਰਮਿਕ ਆਤਮਿਕਤਾ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਦਾ ਵੀ ਵੱਡਾ ਮਾਧਿਅਮ ਬਣੇਗੀ| ਉਨ੍ਹਾਂ ਮਾਨਸਾ ਜ਼ਿਲ੍ਹੇ ਦੀ ਸੰਗਤ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 25 ਫਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲਣ ਵਾਲੀ ਖਾਲਸਾ ਵਹੀਰ ’ਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਅਭਿਆਨ ਨੂੰ ਕਾਮਯਾਬ ਬਣਾਇਆ ਜਾਵੇ। ਉਨ੍ਹਾਂ ਭਰੋਸਾ ਜਤਾਇਆ ਕਿ ਮਾਨਸਾ ਤੋਂ ਵੱਡਾ ਜੱਥਾ ਇਸ ਇਤਿਹਾਸਕ ਯਾਤਰਾ ਦਾ ਹਿੱਸਾ ਬਣੇਗਾ ਅਤੇ ਸਮਾਜਿਕ ਬਦਲਾਅ ਦੇ ਸੰਦੇਸ਼ ਨੂੰ ਦੂਰ-ਦੂਰ ਤੱਕ ਪਹੁੰਚਾਏਗਾ। ਇਸ ਮੌਕੇ ਜਸਕਰਨ ਸਿੰਘ, ਗੁਰਲਾਲ ਸਿੰਘ, ਗੁਰਵਿੰਦਰ ਸਿੰਘ ਕੋਟਧਰਮੂ, ਮੱਖਣ ਸਿੰਘ, ਗੁਰਮੀਤ ਸਿੰਘ ਗੁਰਪਾਲ ਸਿੰਘ ਭੂੰਦੜ, ਜਸਵਿੰਦਰ ਸਿੰਘ ਹਰਜੀਤ ਸਿੰਘ ਗਿੱਲ ਵੀ ਹਾਜ਼ਰ ਸਨ।