ਜਵਾਹਰਕੇ ਵਿਖੇ ਕੰਧ ’ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਖੂਹ ਵਾਲੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਵੱਲੋਂ
Publish Date: Sat, 03 Jan 2026 07:14 PM (IST)
Updated Date: Sun, 04 Jan 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਖੂਹ ਵਾਲੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਵੱਲੋਂ ਪਿੰਡ ਜਵਾਹਰਕੇ ਵਿਖੇ ਖਾਲਿਸਤਾਨ ਦੇ ਨਾਅਰੇ ਲਗਾਏ ਗਏ ਅਤੇ ਖਾਲਿਸਤਾਨ ਰਾਜ ਦੀ ਮੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਰਜਿੰਦਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਜੇਕਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਇਆ ਜਾ ਸਕਦਾ ਹੈ ਤਾਂ ਖਾਲਿਸਤਾਨ ਕਿਉਂ ਨਹੀਂ ਬਣ ਸਕਦਾ। ਪਰ ਜਦੋਂ ਖ਼ਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ, ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕੰਧਾਂ ’ਤੇ ਖਾਲਿਸਤਾਨ ਦੇ ਨਾਅਰੇ ਲਿਖੇ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਜਿੱਥੇ ਖ਼ਾਲਿਸਤਾਨ ਦਾ ਨਾਅਰਾ ਲੱਗਦਾ ਹੈ, ਉਥੇ ਖਾਲਿਸਤਾਨ ਬਣ ਜਾਂਦਾ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਰਜਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਖਾਲਿਸਤਾਨ ਸ਼ੁੱਧ ਰਾਜ ਦੀ ਮੰਗ ਹੈ, ਜਿਸ ਦਾ ਮਤਲਬ ਖਾਲਸ ਹੈ ਪਰ ਸਰਕਾਰਾਂ ਭਰਮ ਫੈਲਾ ਰਹੀਆਂ ਹਨ ਕਿ ਖ਼ਾਲਿਸਤਾਨ ਬਣਨ ਨਾਲ ਦੇਸ਼ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਨਾ ਇਕ ਦਿਨ ਹਿੰਦੂਸਤਾਨ ਅੰਦਰ ਖਾਲਿਸਤਾਨ ਜ਼ਰੂਰ ਬਣੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਇਸ ’ਤੇ ਪਹਿਰਾ ਦੇ ਰਹੇ ਹਨ। ਜਦੋਂ ਹੀ ਸਿੱਖ ਕੌਮ ਜਾਗ ਉਠੇਗੀ ਤਾਂ ਜਾਗਦੀ ਜ਼ਮੀਰ ਵਾਲੇ ਲੋਕ ਖਾਲਿਸਤਾਨ ਬਣਾ ਦੇਣਗੇ। ਉਨ੍ਹਾਂ ਕੇਂਦਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਜਾਤੀਵਾਦ ’ਚ ਵੰਡ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਲਸ ਦੀ ਧਰ ਪਕੜ ਅਤੇ ਧੱਕੇਸ਼ਾਹੀ ਵੀ ਹੁੰਦੀ ਹੈ, ਜਿਸ ਨੂੰ ਅੱਜ ਤੱਕ ਰੋਕਿਆ ਨਹੀਂ ਗਿਆ।