ਸਰਸ ਮੇਲੇ ’ਚ ਕੰਵਰ ਗਰੇਵਾਲ ਦੀ ਸੂਫ਼ੀਆਨਾ ਗਾਇਕੀ ਨੇ ਬੰਨ੍ਹਿਆ ਰੰਗ
ਸਰਸ ਮੇਲੇ ਦੇ ਸਭਿਆਚਾਰਕ ਮੰਚ 'ਤੇ, ਅੰਤਰ-ਰਾਸ਼ਟਰੀ
Publish Date: Sat, 21 Mar 2026 06:45 PM (IST)
Updated Date: Sun, 22 Mar 2026 04:11 AM (IST)
-ਦੂਰੋਂ ਨੇੜਿਓਂ ਆਏ ਹਜ਼ਾਰਾਂ ਸਰੋਤਿਆਂ ਨੇ ਢਾਈ ਘੰਟੇ ਤਕ ਮਾਣਿਆ ਆਨੰਦ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਰਸ ਮੇਲੇ ਦੇ ਸਭਿਆਚਾਰਕ ਮੰਚ 'ਤੇ, ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਬੁਲੰਦ ਆਵਾਜ਼ ਤੇ ਰੂਹਾਨੀ ਅੰਦਾਜ਼ ਨਾਲ ਲਗਭਗ ਢਾਈ ਘੰਟੇ ਹਜ਼ਾਰਾਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਸ ਵਿਸ਼ੇਸ਼ ਸੱਭਿਆਚਾਰਕ ਸ਼ਾਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਬੀਬੀ ਹਰਪਾਲ ਕੌਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਕਲਾਕਾਰ ਕੰਵਰ ਗਰੇਵਾਲ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਆਪਣਾ ਆਸ਼ੀਰਵਾਦ ਦਿੱਤਾ। ਕੰਵਰ ਗਰੇਵਾਲ ਨੇ ਜਿਉਂ ਹੀ ਮੰਚ ਤੋਂ ਆਪਣੇ ਮਕਬੂਲ ਸੂਫ਼ੀ ਕਲਾਮਾਂ ਦੀ ਸ਼ੁਰੂਆਤ ਕੀਤੀ ਤਾਂ ਗੀਤ ਸੰਗੀਤ ਦਾ ਇਹ ਸੰਗਮ, ਮੇਲਾ ਪੰਡਾਲ 'ਚ ਬੈਠੇ ਹਜ਼ਾਰਾਂ ਸਰੋਤਿਆਂ ਦੇ ਦਿਲਾਂ ਦੀਆਂ ਤਾਰਾਂ ਨੂੰ ਛੂਹ ਗਿਆ। ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਜਿੱਥੇ ਪੰਜਾਬੀ ਵਿਰਸੇ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ, ਉੱਥੇ ਹੀ ਫ਼ਕੀਰੀ ਅਤੇ ਸੂਫ਼ੀਵਾਦ ਦੇ ਡੂੰਘੇ ਅਰਥਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ। ਸਰੋਤੇ ਉਨ੍ਹਾਂ ਦੇ ਗੀਤਾਂ ਦੇ ਵੇਗ ਵਿੱਚ ਇਸ ਕਦਰ ਵਹਿ ਗਏ ਕਿ ਦੇਰ ਰਾਤ ਤੱਕ ਪੰਡਾਲ ਵਿਚ ਵਜਦ ਵਾਲਾ ਮਾਹੌਲ ਬਣਿਆ ਰਿਹਾ।
ਕੰਵਰ ਗਰੇਵਾਲ ਨੂੰ ਦੂਰੋਂ ਨੇੜਿਓਂ ਸੁਣਨ ਪੁੱਜੇ ਸਰੋਤਿਆਂ ਦੇ ਚਿਹਰਿਆਂ ’ਤੇ ਉਤਸ਼ਾਹ ਸਾਫ ਨਜ਼ਰ ਆ ਰਿਹਾ ਸੀ। ਮੇਲੇ ਦੌਰਾਨ ਬੱਚਿਆਂ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕੰਵਰ ਗਰੇਵਾਲ ਦੇ ਸੂਫ਼ੀਆਨਾ ਰੰਗ ਵਿੱਚ ਰੰਗਿਆ ਨਜ਼ਰ ਆਇਆ। ਕੰਵਰ ਗਰੇਵਾਲ ਨੇ ਆਪਣੇ ਮਕਬੂਲ ਗੀਤ ''ਮਸਤ ਬਣਾ ਦੇਣਗੇ, ਟਿਕਟਾਂ ਦੋ ਲੈ ਲਈਂ, ਅੱਲਾ ਹੂ, ਛੱਲਾ, ਬੇਬੇ ਮੈਨੂੰ ਚੰਨ ਆਖਦੀ, ਬੁੱਲਾ ਨੱਚਿਆ, ਬੂਹੇ ਭੇੜ ਕੇ ਰੋਣਗੀਆਂ ਮਾਵਾਂ'' ਆਦਿ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਸ ਮੌਕੇ ਮਾਤਾ ਹਰਪਾਲ ਕੌਰ, ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂ, ਉਪ ਮੰਡਲ ਮੈਜਿਸਟ੍ਰੇਟ ਬਲਜੀਤ ਕੌਰ, ਗਗਨਦੀਪ ਸਿੰਘ ਤੇ ਹਰਜਿੰਦਰ ਸਿੰਘ ਜੱਸਲ, ਆਦਿ ਨੇ ਸੂਫ਼ੀ ਗਾਇਕ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੰਵਰ ਗਰੇਵਾਲ ਨੇ ਸਿਰਫ਼ ਮਨੋਰੰਜਨ ਹੀ ਨਹੀਂ ਕੀਤਾ, ਸਗੋਂ ਆਪਣੇ ਗੀਤਾਂ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਇਕਜੁੱਟ ਹੋਣ ਦਾ ਸੁਨੇਹਾ ਵੀ ਦਿੱਤਾ।