ਅਮਿੱਟ ਪੈੜਾਂ ਛੱਡ ਗਿਆ ਜੀਤਸਰ ਸਕੂਲ ਦਾ ਸਾਲਾਨਾ ਸਮਾਗਮ
ਲੰਘੇ ਦਿਨੀਂ ਸਰਕਾਰੀ ਪ੍ਰਾਇਮਰੀ ਸਮਾਰਟ
Publish Date: Thu, 05 Mar 2026 04:41 PM (IST)
Updated Date: Thu, 05 Mar 2026 04:44 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਲੰਘੇ ਦਿਨੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ (ਬੱਛੋਆਣਾ) ਵਿਖੇ ਸਮਾਗਮ ਕਰਵਾਇਆ। ਬੱਚਿਆਂ ਦੁਆਰਾ ਸਮਾਜਿਕ ਬੁਰਾਈਆਂ ਨੂੰ ਛੂੰਹਦੀਆਂ ਹੋਈਆਂ ਕੋਰੀਓਗ੍ਰਾਫ਼ੀਆਂ, ਐਕਸ਼ਨ ਗੀਤ, ਨਾਟਕ, ਕਵਿਤਾ, ਕਵਿਸ਼ਰੀ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਗਿੱਧਾ-ਭੰਗੜਾ ਪੇਸ਼ ਕਰ ਕੇ ਅਜਿਹਾ ਰੰਗ ਬੰਨ੍ਹਿਆ ਕਿ ਪੰਜ ਘੰਟੇ ਲਗਾਤਾਰ ਪ੍ਰੋਗਰਾਮ ਚਲਦਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਮਾਪੇ ਹਾਜ਼ਰ ਰਹੇ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਬੁੱਧ ਰਾਮ ਹਲਕਾ ਵਿਧਾਇਕ ਅਤੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਸ਼ਾਮਲ ਹੋਏ। ਪ੍ਰਿੰਸੀਪਲ ਬੁੱਧ ਰਾਮ ਨੇ ਸਕੂਲ ਵਿੱਚ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਆਈ ਗ੍ਰਾਂਟ ਦੁਆਰਾ ਬਣਾਏ ਗਏ ਸ਼ੈੱਡ ਦਾ ਉਦਘਾਟਨ ਕੀਤਾ ਅਤੇ ਅਧੂਰੇ ਕੰਮ ਪੂਰੇ ਕਰਨ ਸਬੰਧੀ ਵੀ ਵਾਅਦਾ ਕੀਤਾ। ਮਾਪਿਆਂ ਨੂੰ ਵਿਧਾਇਕ ਨੇ ਦੱਸਿਆ ਕਿ ਜੀਤਸਰ ਸਕੂਲ ਜ਼ਿਲ੍ਹਾ ਮਾਨਸਾ ਦਾ ਮੋਹਰੀ ਅਤੇ ਅੰਗਰੇਜ਼ੀ ਮੀਡੀਅਮ ਪ੍ਰਾਇਮਰੀ ਸਕੂਲ ਹੈ, ਜਿਸ ਬਾਰੇ ਉਹ ਪਹਿਲਾਂ ਵੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਬੋਲ ਚੁੱਕੇ ਹਨ। ਪ੍ਰੋਗਰਾਮ ਦਾ ਉਦਘਾਟਨ ਸਕੂਲ ਦੀਆਂ ਬੱਚੀਆਂ ਵੱਲੋਂ ਕਰਵਾਇਆ ਗਿਆ, ਇਸ ਤੋਂ ਬਾਅਦ ਕਾਫੀ ਸਮੇਂ ਤੱਕ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਰਾਹੀਂ ਅਜਿਹਾ ਰੰਗ ਬੰਨਿਆ ਜਿਸ ਦਾ ਮਾਪਿਆਂ ਤੇ ਪਤਵੰਤਿਆਂ ਵੱਲੋਂ ਖੂਬ ਆਨੰਦ ਮਾਣਿਆ। ਸਕੂਲ ਮੁੱਖੀ ਸਤਪਾਲ ਸਿੰਘ ਨੇ ਸਕੂਲ ਦੀਆਂ ਸੈਸ਼ਨ ਦੌਰਾਨ ਪ੍ਰਾਪਤੀਆਂ ਜਿਵੇਂ ਕਬੱਡੀ ਵਿੱਚੋਂ ਪੰਜਾਬ ਵਿੱਚੋਂ ਜੇਤੂ, ਕੋਰੋਗ੍ਰਾਫੀ ਵਿੱਚੋਂ ਪੰਜਾਬ ਵਿੱਚੋਂ ਤੀਸਰਾ ਸਥਾਨ ਅਤੇ ਬੈਸਟ ਸਕੂਲ ਅਵਾਰਡ ਢਾਈ ਲੱਖ ਪ੍ਰਾਈਜ਼ ਜੇਤੂ ਜ਼ਿਲ੍ਹਾ ਦਾ ਇੱਕੋ ਇੱਕ ਪ੍ਰਾਇਮਰੀ ਸਕੂਲ ਜੀਤਸਰ ਆਦਿ ਅਤੇ ਸਮੂਹ ਸਟਾਫ਼ ਦੀ ਮਿਹਨਤ ਸਮੇਤ ਸਮੁੱਚੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਹੋਈ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਹੋਈ ਵੀਡੀਓ ਵੀ ਦਰਸ਼ਕਾਂ ਨੂੰ ਦਿਖਾਈ ਗਈ। ਇਸ ਮੌਕੇ ਹਲਕਾ ਵਿਧਾਇਕ, ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਪਤਵੰਤਿਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਮਨਪ੍ਰੀਤ ਕੌਰ ਅਤੇ ਰਣਜੀਤ ਸਿੰਘ ਨੇ ਬਾਖੂਬੀ ਕੀਤਾ। ਪ੍ਰੋਗਰਾਮ ਦੌਰਾਨ ਸਕੂਲ ਵੱਲੋਂ ਲਗਾਈ ਗਈ ਸਕਰੀਨ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਚੇਅਰਮੈਨ ਗੁਰਪਿਆਰ ਸਿੰਘ, ਹਰਦੀਪ ਸਿੰਘ ਆਸਟ੍ਰੇਲੀਆ, ਲੈਕਚਰਾਰ ਮੱਖਣ ਸਿੰਘ, ਬਲਾਕ ਸੰਮਤੀ ਮੈਂਬਰ ਮੇਜਰ ਸਿੰਘ, ਡਾ. ਕਰਨੈਲ ਵੈਰਾਗੀ, ਮਨਜੀਤ ਕੌਰ ਸੁਪਰਵਾਈਜ਼ਰ, ਨੀਲਮ ਰਾਣੀ ਪੰਚਾਇਤ ਸਕੱਤਰ, ਚੇਅਰਮੈਨ ਗੁਰਪਿਆਰ ਸਿੰਘ ਨੰਬਰਦਾਰ, ਅਜੈਬ ਸਿੰਘ ਰੱਲੀ, ਪਰਗਟ ਸਿੰਘ, ਡਾ. ਬੱਗਾ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਅੰਮ੍ਰਿਤਵੀਰ ਸਿੰਘ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ, ਦਿਨੇਸ਼ ਰਿਸ਼ੀ, ਅਮਨਦੀਪ ਕੁਮਾਰ, ਗ੍ਰਾਮ ਪੰਚਾਇਤ ਬੱਛੋਆਣਾ, ਬਾਬਾ ਥੰਮ੍ਹਣ ਸਿੰਘ ਸਪੋਰਟਸ ਕਲੱਬ, ਗੁਰੂ ਰਵਿਦਾਸ ਕਮੇਟੀ ਬੱਛੋਆਣਾ ਇਲਾਵਾ ਵੱਡੀ ਗਿਣਤੀ ਵਿੱਚ ਮਹਿਮਾਨਾਂ ਨੇ ਹਾਜ਼ਰੀ ਲਗਵਾਈ। ਸਕੂਲ ਮੁੱਖੀ ਅਤੇ ਸਕੂਲ ਸਟਾਫ਼ ਮੁਕੇਸ਼ ਦਾਸ, ਮਨਦੀਪ ਕੌਰ, ਮਨਪ੍ਰੀਤ ਸਿੰਘ, ਲਵਦੀਪ ਕੌਰ, ਕੁਲਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।