- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਜ ਦੇ ਪੰਜਾਬੀ ਵਿਭਾਗ ਅਤੇ ਭਾਸ਼ਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆ ਕਾਲਜ ਦੇ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਕਹਾਣੀ ਸਿਰਜਣ ਪ੍ਰਕਿਰਿਆ ਤੇ ਮਿੰਨੀ ਕਹਾਣੀ (ਮੌਖਿਕ) ਮੁਕਾਬਲੇ ਕਰਵਾਏ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ’ਚ ਮੌਲਿਕ ਲੇਖਣੀ ਦੇ ਰੁਝਾਨ ਨੂੰ ਵਧਾਉਣਾ ਹੈ, ਜਿਸ ਵਿਚ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰ ਜਸਪਾਲ ਮਾਨਖੇੜਾ ਨੇ ਸ਼ਿਰਕਤ ਕੀਤੀ। ਡਾ. ਕਮਲਜੀਤ ਕੌਰ ਨੇ ਵਿਦਿਆਰਥਣਾਂ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਇਤਿਹਾਸ ਬਾਰੇ ਗੱਲਬਾਤ ਕੀਤੀ ਤੇ ਮਾਂ ਬੋਲੀ ਦਿਵਸ ਦੀ ਵਧਾਈ ਦਿੱਤੀ। ਡਾ. ਬਲਜੀਤ ਕੌਰ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਲੇਖਕ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਗਲਪ ਵਿਚ ਲੋਕ ਘੋਲਾਂ ਦੀ ਗਾਥਾ ਨੂੰ ਪੇਸ਼ ਕਰਨ ਵਾਲਾ ਨਾਵਲਕਾਰ ਹੈ।
ਇਸ ਮੌਕੇ ਮਿੰਨੀ ਕਹਾਣੀ (ਮੌਖਿਕ) ਮੁਕਾਬਲੇ ਕਰਵਾਏ ਗਏ। ਜਸਪਾਲ ਮਾਨਖੇੜਾ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੀ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਨੇ ਮਾਂ ਬੋਲੀ ਦੀ ਮਹੱਤਤਾ, ਮਾਂ ਬੋਲੀ ’ਚ ਵਧੇਰੇ ਗਿਆਨ ਪ੍ਰਾਪਤ ਕਰਨਾ ਅਤੇ ਮਾਂ ਬੋਲੀ ਕੱਚੀ ਮਿੱਟੀ ਹੈ, ਜਿਸ ਨੇ ਸਾਡੇ ਵਿਅਕਤੀਤਵ ਨੂੰ ਤਰਾਸ਼ਣਾ ਹੈ ਅਤੇ ਪੰਜਾਬੀ ਬੋਲਣ, ਪੜ੍ਹਨ ਤੇ ਲਿਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣਾ ਅੱਜ ਦੇ ਨੌਜਵਾਨਾਂ ਦਾ ਕਰਤੱਵ ਹੈ। ਉਨ੍ਹਾਂ ਨੇ ਆਪਣੇ ਮੁੱਢਲੇ ਜੀਵਨ ਤੋਂ ਲੈ ਕੇ ਲੇਖਕ ਬਣਨ ਦੇ ਸਫ਼ਰ ਨੂੰ ਸਾਂਝਾ ਕੀਤਾ। ਲੇਖਕ ਤੋਂ ਬਿਨਾਂ ਇਕ ਚੰਗਾ ਇਨਸਾਨ ਬਣਨਾ ਹੋਰ ਵੀ ਜ਼ਰੂਰੀ ਹੈ। ਪਹਿਲੀ ਕਹਾਣੀ ਇਮਤਿਹਾਨ ਬਾਰੇ ਦੱਸਿਆ। ਆਪਣੀਆਂ ਰਚਨਾਵਾਂ ਦੇ ਵਿਸ਼ੇ ਗਰੀਬੀ, ਕਲੇਸ਼, ਪੱਖਪਾਤ, ਕਿਰਤੀ ਲੋਕਾਂ ਦੀ ਲੁੱਟ, ਆਮ ਲੋਕਾਂ ਦੀਆਂ ਇੱਛਾਵਾਂ ਨਾ ਪੂਰੀਆਂ ਹੋਣਾ ਆਦਿ ਸਾਂਝੇ ਕੀਤੇ। ਆਪਣੇ ਨਾਵਲ ਹੁਣ ‘ਮੈਂ ਉਹ ਨਹੀਂ, ਹਰ ਮਿੱਟੀ ਦੀ ਆਪਣੀ ਖਸਲਤ ਤੇ ਹਵੇਲੀ ਵਾਲਾ ਦੇ ਕਥਾਨਕ ਬਾਰੇ ਵਿਸਥਾਰ ਵਿੱਚ ਦੱਸਿਆ। ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦੀ ਸ਼ਬਦ ਕਹੇ ਤੇ ਆਪਣੀਆਂ ਦਾਦੀਆਂ, ਨਾਨੀਆਂ ਦੇ ਹਵਾਲੇ ਨਾਲ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ’ਚੋਂ ਹੀ ਪੈਦਾ ਹੁੰਦੇ ਹਨ ਤੇ ਕਲਮ ਦੀ ਤਾਕਤ ਨਾਲ ਕਹਾਣੀਕਾਰ ਇਸ ਅਨੁਭਵ ਨੂੰ ਪੇਸ਼ ਕਰਦੇ ਹਨ। ਸਟੇਜ ਦੀ ਕਾਰਵਾਈ ਤਮੰਨਾ ਤੇ ਕੋਮਲ ਨੇ ਬਾਖੂਬੀ ਨਿਭਾਈ।
ਇਹਨਾਂ ਮੁਕਾਬਲਿਆਂ ’ਚ ਜੱਜਮੈਂਟ ਦੀ ਭੂਮਿਕਾ ਡਾ. ਕਮਲਦੀਪ ਕੌਰ ਤੇ ਮਿਸ ਬਬੀਤਾ ਮੋਂਗਾ ਵੱਲੋਂ ਨਿਭਾਈ ਗਈ, ਜਿਸ ਵਿੱਚ 20 ਵਿਦਿਆਰਥਣਾਂ ਨੇ ਭਾਗ ਲਿਆ। ਇਸ ਵਿੱਚੋਂ ਪਹਿਲਾ ਸਥਾਨ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਜੈਸਮੀਨ ਕੌਰ, ਦੂਜਾ ਸਥਾਨ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਤੀਜਾ ਸਥਾਨ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਮਹਿਕਦੀਪ ਕੌਰ ਤੇ ਐੱਮਏ ਭਾਗ ਪਹਿਲਾ ਦੀ ਵਿਦਿਆਰਥਣ ਸੁਖਮਨ ਕੌਰ ਨੇ ਲਿਆ। ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਸਮੂਹ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ। ਇਸ ਮੌਕੇ ਮਿਸ ਨੀਰਜ ਮਿੱਤਲ, ਮਿਸ. ਸੰਜਮ, ਮਿਸ. ਸੁਖਪਾਲ ਕੌਰ, ਮਿਸ. ਪੂਜਾ ਅਤੇ ਸਮੂਹ ਸਟਾਫ ਹਾਜ਼ਿਰ ਰਿਹਾ।