ਰੌਇਲ ਕਾਲਜ ਵਿਖੇ ‘ਵਿਰਾਸਤੀ ਮੇਲੇ’ 'ਚ ਕੌਮਾਂਤਰੀ ਮਹਿਮਾਨਾਂ ਨੇ ਰੌਣਕ ਵਧਾਈ
ਰੌਇਲ ਕਾਲਜ ਬੋੜਾਵਾਲ ਵੱਲੋਂ ਕਰਵਾਏ ਵਿਰਾਸਤੀ
Publish Date: Thu, 09 Apr 2026 07:17 PM (IST)
Updated Date: Fri, 10 Apr 2026 04:15 AM (IST)

ਫ਼ੋਟੋ : 10 ਐਮਏਐਨ ਕੈਪਸ਼ਨ : ਵਿਰਾਸਤੀ ਮੇਲੇ ਵਿੱਚ ਪੁੱਜੇ ਵਿਦੇਸ਼ੀ ਮਹਿਮਾਨਾਂ ਨਾਲ ਕਾਲਜ ਦੇ ਚੇਅਰਮੈਨ ਏਕਮ ਸੋਹਲ ਤੇ ਡਾਇਰੈਕਟਰ ਰਾਜਿੰਦਰ ਸਿੰਘ ਸੋਹਲ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਰੌਇਲ ਕਾਲਜ ਬੋੜਾਵਾਲ ਵੱਲੋਂ ਕਰਵਾਏ ਵਿਰਾਸਤੀ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਿੱਚ ਚਾਰ ਚੰਨ੍ਹ ਲਗਾ ਦਿੱਤੇ। ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਮਾਡਲ ਪ੍ਰਦਰਸ਼ਨੀ ਅਤੇ ਵੱਖ ਵੱਖ ਰੰਗਾਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਮਿਲੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਥਾਈਲੈਂਡ ਤੋਂ ਪਹੁੰਚੇ ਐਂਬੈਸਡਰ ਪਰਵਿੰਦਰ ਸਿੰਘ ਨੇ ਹਾਜ਼ਰੀ ਭਰੀ। ਉਹ ਵਰਲਡ ਪੀਸ ਇੰਸਟੀਚਿਊਟ (ਯੂਨਾਈਟਡ ਨੇਸ਼ਨ ਨਾਲ ਸੰਬੰਧਿਤ) ਨਾਲ ਜੁੜੇ ਹੋਏ ਹਨ ਅਤੇ ਵਰਲਡ ਬੁੱਧਿਸਟ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਸ਼ਾਂਤੀ, ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਨੇਪਾਲ ਤੋਂ ਪਹੁੰਚੇ ਮਿਸਟਰ ਝਾਪੇਂਦਰਾ (ਰੋਇਲ ਰਾਣਾ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹ ਗੋਰਖਾ ਰੈਜੀਮੈਂਟ ਦੇ ਸੇਵਾਮੁਕਤ ਅਧਿਕਾਰੀ ਹਨ ਅਤੇ ਆਪਣੀ ਫ਼ੌਜੀ ਅਨੁਸ਼ਾਸਨ ਅਤੇ ਅਗਵਾਈ ਦੇ ਤਜ਼ਰਬੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਜੀਵਨ ਵਿੱਚ ਅਨੁਸ਼ਾਸਨ ਅਤੇ ਦੇਸ਼ ਪ੍ਰੇਮ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੇ ਨਾਲ ਹੀ ਮਿਸਿਜ਼ ਅੰਜਲੀ ਥਾਪਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ,ਜੋ ਨੇਪਾਲ ਵਿੱਚ ਆਪਣੇ ਸੰਗਠਨ ਦੀ ਕਾਰਗੁਜ਼ਾਰੀ ਨੂੰ ਮਿਸਟਰ ਰਾਣਾ ਨਾਲ ਮਿਲਕੇ ਸੰਭਾਲ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਿਲਾ ਸਸ਼ਕਤੀਕਰਨ ਅਤੇ ਆਤਮਨਿਰਭਰਤਾ ਵੱਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨਾਂ ਨੇ ਪੰਜਾਬ ਦੀ ਸੰਸਕ੍ਰਿਤੀ ਅਤੇ ਰਿਵਾਜਾਂ ਦਾ ਖੂਬ ਆਨੰਦ ਮਾਣਿਆ ਅਤੇ ਕਾਲਜ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।ਕਾਲਜ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੇਲੇ ਨੇ ਸਿਰਫ਼ ਸੱਭਿਆਚਾਰਕ ਵਿਰਾਸਤ ਨੂੰ ਹੀ ਨਹੀਂ ਸੰਜੋਇਆ, ਸਗੋਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ‘ਤੇ ਸੋਚਣ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਵੀ ਕੀਤਾ।