ਗਊ ਸੇਵਾ ਨਾਲ ਮਿਲਦੀ ਹੈ ਆਤਮਿਕ ਸ਼ਾਂਤੀ : ਕੁਲਵੰਤ ਰਾਏ
ਭਾਰਤੀ ਸੰਸਕ੍ਰਿਤੀ ਵਿੱਚ
Publish Date: Sun, 19 Apr 2026 06:29 PM (IST)
Updated Date: Mon, 20 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਸੰਸਕ੍ਰਿਤੀ ਵਿੱਚ ਗਊ ਮਾਤਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਗਊ ਵੰਸ਼ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਪਰ ਮੌਜੂਦਾ ਸਮੇਂ ਵਿੱਚ ਇਹ ਚਿੰਤਾਜਨਕ ਗੱਲ ਹੈ ਕਿ ਗਊ ਉਹ ਸੇਵਾ ਅਤੇ ਸੰਭਾਲ ਨਹੀਂ ਕੀਤੀ ਜਾ ਰਹੀ, ਜੋ ਪੁਰਾਤਨ ਸਮਿਆਂ ਵਿਚ ਹੁੰਦੀ ਸੀ। ਇਹ ਵਿਚਾਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਸਥਾਨਕ ਸਰਸਾ ਰੋਡ ਸਥਿਤ ਗਊਸ਼ਾਲਾ ਦੇ ਦੌਰੇ ਦੌਰਾਨ ਪ੍ਰਗਟ ਕੀਤੇ। ਗਊ ਮਾਤਾ ਸਿਰਫ਼ ਧਾਰਮਿਕ ਪ੍ਰਤੀਕ ਨਹੀਂ, ਸਗੋਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਗਊ ਸਾਡੀ ਸੰਸਕ੍ਰਿਤੀ ਤੇ ਧਰਮ ਦੀ ਪਛਾਣ ਹੈ ਤੇ ਇਸ ਦੀ ਸੇਵਾ ਕਰਨ ਨਾਲ ਮਨੁੱਖ ਨੂੰ ਆਤਮਿਕ ਸ਼ਾਂਤੀ ਅਤੇ ਆਸ਼ੀਰਵਾਦ ਪ੍ਰਾਪਤ ਹੁੰਦੇ ਹਨ। ਗਊ ਪੂਜਾ ਕਰਕੇ ਮਨੁੱਖ ਆਪਣੇ ਪਾਪਾਂ ਤੋਂ ਮੁਕਤ ਹੋ ਸਕਦਾ ਹੈ ਤੇ ਜੀਵਨ ’ਚ ਸਕਾਰਾਤਮਕਤਾ ਆਉਂਦੀ ਹੈ। ਸਿੰਗਲਾ ਨੇ ਕਿਹਾ ਕਿ ਜਦੋਂ ਵੀ ਉਹ ਗਊਸ਼ਾਲਾ ’ਚ ਆਉਂਦੇ ਹਨ। ਉਨ੍ਹਾਂ ਦੇ ਮਨ ਨੂੰ ਇਕ ਵੱਖਰੀ ਹੀ ਸ਼ਾਂਤੀ ਤੇ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਗਊਸ਼ਾਲਾ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਮੇਟੀ ਵੱਲੋਂ ਬਹੁਤ ਹੀ ਸੁੰਦਰ ਤੇ ਸੁਵਿਧਾਜਨਕ ਗਊਸ਼ਾਲਾ ਦੀ ਉਸਾਰੀ ਕੀਤੀ ਗਈ ਹੈ, ਜੋ ਸਮਾਜ ਲਈ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇੱਥੇ ਗਊਆਂ ਲਈ ਸੱਤ ਸ਼ੈਡ ਬਣਾਏ ਗਏ ਹਨ, ਜਿਨ੍ਹਾਂ ’ਚ ਉਨ੍ਹਾਂ ਦੀ ਰਿਹਾਇਸ਼ ਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਗਊਸ਼ਾਲਾ ਵਿੱਚ ਇੱਕ ਸੁੰਦਰ ਪਾਰਕ ਅਤੇ ਜਿੰਮ ਦੀ ਵੀ ਵਿਵਸਥਾ ਕੀਤੀ ਗਈ ਹੈ, ਜੋ ਆਉਣ ਵਾਲੇ ਸ਼ਰਧਾਲੂਆਂ ਤੇ ਸੇਵਾਦਾਰਾਂ ਲਈ ਇੱਕ ਵਧੀਆ ਸਹੂਲਤ ਹੈ। ਗਊਸ਼ਾਲਾ ਦਾ ਸਥਾਨ ਮੁੱਖ ਰੋਡ ’ਤੇ ਹੋਣ ਕਰਕੇ ਹਰ ਇੱਕ ਸ਼ਰਧਾਲੂ ਆਸਾਨੀ ਨਾਲ ਇੱਥੇ ਪਹੁੰਚ ਸਕਦਾ ਹੈ ਅਤੇ ਗਊ ਮਾਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਸਿੰਗਲਾ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਸੜਕਾਂ ’ਤੇ ਰੁਲ ਰਹੀਆਂ ਗਊਆਂ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ। ਜੇਕਰ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਗਊਆਂ ਦੀ ਸੇਵਾ ਕਰੇ, ਤਾਂ ਨਾ ਸਿਰਫ ਗਊਆਂ ਦਾ ਨਿਰਾਦਰ ਰੁਕੇਗਾ, ਸਗੋਂ ਸੜਕ ਹਾਦਸਿਆਂ ’ਚ ਵੀ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸਰਕਾਰ ਜਾਂ ਗਊਸ਼ਾਲਾ ਕਮੇਟੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੂਹ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।