ਮਿੰਟੂ ਗੁਰੂਸਰੀਆ ਤੇ ਹੋਰਾਂ ’ਤੇ ਹੋਏ ਪਰਚੇ ਨਿੰਦਣਯੋਗ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ
Publish Date: Fri, 02 Jan 2026 05:27 PM (IST)
Updated Date: Sat, 03 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਚਨਾ ਅਧਿਕਾਰ ਕਾਨੂੰਨ ਕਾਰਕੁੰਨ ਮਾਨਿਕ ਗੋਇਲ, ਪੱਤਰਕਾਰ ਮਿੰਟੂ ਗੁਰੂਸਰੀਆ ਤੇ ਮਨਿੰਦਰਜੀਤ ਸਿੰਘ ਸਿੱਧੂ ਸਮੇਤ ਹੋਰਨਾਂ ਤੇ ਕੀਤੇ ਅਪਰਾਧਿਕ ਪਰਚੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹਾਂ। ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਅਨੁਸਾਸ਼ਨੀ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਅਤੇ ਪ੍ਰਧਾਨ ਜ਼ਿਲ੍ਹਾ ਮਾਨਸਾ ਪਰਮਜੀਤ ਸਿੰਘ ਗਾਗੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਸਰਕਾਰੀ ਤੰਤਰ ਦੇ ਸਿਸਟਮ ’ਚ ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਚ ਆਉਣ ਵਾਲੀ ਮੌਜੂਦਾ ਪੰਜਾਬ ਸਰਕਾਰ ਵੱਲੋਂ ਭਾਵੇਂ ਪਿਛਲੇ ਸਮੇਂ ਤੋਂ ਇਨਸਾਫ਼ ਪਸੰਦ ਲੋਕਾਂ ਨੂੰ ਸਖ਼ਤੀ ਨਾਲ ਦਬਾਉਣ ਦਾ ਰੁਝਾਨ ਸ਼ੁਰੂ ਕੀਤਾ ਹੋਇਆ ਹੈ। ਇਹ ਇੱਕ ਨਿੰਦਣਯੋਗ ਵਰਤਾਰਾ ਹੈ। ਸਰਕਾਰ ਨੇ ਹੁਣ ਸਵਾਲ ਪੁੱਛਣ ‘ਤੇ ਵੀ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਤਾਨਾਸ਼ਾਹੀ ਤੋਂ ਘੱਟ ਨਹੀਂ। ਜੇਕਰ ਲੋਕਤੰਤਰ ਦੇ ਚੌਥੇ ਥੰਮ ਨਾਲ ਹੀ ਸਰਕਾਰ ਇਸ ਤਰ੍ਹਾਂ ਦਾ ਧੱਕਾ ਕਰਨ ਲੱਗ ਪਈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਇਸ ਲਈ ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਹ ਪਰਚੇ ਤੁਰੰਤ ਰੱਦ ਕੀਤੇ ਜਾਣ।