ਭਾਕਿਯੂ ਏਕਤਾ ਡਕੌਂਦਾ ਨੇ ਘੇਰਿਆ ਆਰਟੀਓ ਦਫ਼ਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Mon, 16 Mar 2026 07:14 PM (IST)
Updated Date: Tue, 17 Mar 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਦੇ ਆਰਟੀਓ ਦਫ਼ਤਰ ਵੱਲੋਂ ਡਰਾਈਵਿੰਗ ਲਾਇਸੈਂਸ ਨਾ ਜਾਰੀ ਕਰਨ ਦੇ ਵਿਰੋਧ ਵਿੱਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਘਿਰਾਓ ਕੀਤਾ ਗਿਆ। ਧਰਨੇ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਮਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਟੀਚਰ ਕਲੋਨੀ ਮਾਨਸਾ ਵੱਲੋਂ ਡਰਾਈਵਿੰਗ ਸਕੂਲ ਚਲਾਉਣ ਲਈ ਵਿਭਾਗ ਪਾਸ ਲਾਇਸੈਂਸ ਲੈਣ ਦੀ ਚਾਰਾਜੋਈ ਕੀਤੀ ਗਈ ਸੀ। ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਸਨ ਪਰ ਆਰਟੀਓ ਦਫ਼ਤਰ ਵੱਲੋਂ ਵਾਰ ਵਾਰ ਵਿਭਾਗ ਦੇ ਗੇੜੇ ਮਾਰਨ ਦੇ ਬਾਵਜੂਦ ਵੀ ਉਸ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਨਾ ਕੀਤਾ ਗਿਆ, ਜਿਸ ਤੋਂ ਨਿਰਾਸ਼ ਹੋ ਕੇ ਮਨਪ੍ਰੀਤ ਸਿੰਘ ਵੱਲੋਂ ਜਥੇਬੰਦੀ ਪਾਸ ਪਹੁੰਚ ਕੀਤੀ ਗਈ। ਜਥੇਬੰਦੀ ਵੱਲੋਂ ਵੀ ਦਫ਼ਤਰ ਦੇ ਅਧਿਕਾਰੀਆਂ ਪਾਸ ਪਹੁੰਚ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਵੀ ਮਸਲੇ ਵੱਲ ਧਿਆਨ ਨਾ ਦਿੱਤਾ। ਇਸ ’ਤੇ ਜਥੇਬੰਦੀ ਵੱਲੋਂ ਮਜ਼ਬੂਰਨ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਤੇ ਰੋਸ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਦਫ਼ਤਰ ਦੇ ਅਧਿਕਾਰੀਆਂ ਵਿੱਚੋਂ ਸੈਕਸ਼ਨ ਅਫ਼ਸਰ ਕਵਿਤਾ ਜਿੰਦਲ ਵੱਲੋਂ 10 ਦਿਨ ਦਾ ਸਮਾਂ ਲੈ ਕੇ ਲਾਇਸੈਂਸ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ’ਤੇ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ। ਅੱਜ ਦੇ ਧਰਨੇ ਵਿੱਚ ਸਿਕੰਦਰ ਸਿੰਘ ਖਿਆਲਾ, ਲੀਲਾ ਮੂਸਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਦਰਸ਼ਨ ਸਿੰਘ ਰੜ੍ਹ, ਅਵਤਾਰ ਸਿੰਘ ਅਤਲਾ ਕਲਾਂ ਅਤੇ ਰੂਪ ਸ਼ਰਮਾ ਆਦਿ ਨੇ ਸੰਬੋਧਨ ਕੀਤਾ।