26 ਦੀ ਚੰਡੀਗੜ੍ਹ ਰੈਲੀ ’ਚ ਪੁੱਜਣਗੇ ਹਜ਼ਾਰਾਂ ਲੋਕ : ਮਹੀਪਾਲ
ਭਾਰਤੀ ਇਨਕਲਾਬੀ ਮਾਰਕਸਵਾਦੀ
Publish Date: Wed, 18 Feb 2026 06:39 PM (IST)
Updated Date: Thu, 19 Feb 2026 04:07 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ ਸਥਾਨਕ ਦਫ਼ਤਰ ਵਿਖੇ ਸਾਥੀ ਅਮਰੀਕ ਸਿੰਘ ਫਫੜੇ ਭਾਈਕੇ ਤੇ ਆਤਮਾ ਰਾਮ ਸਰਦੂਲਗੜ੍ਹ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜ਼ਿਲ੍ਹਾ ਪੱਧਰੀ ਜਰਨਲ ਬਾਡੀ ਮੀਟਿੰਗ ਵਲੋਂ 26 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਦੀ ਕਾਰਵਾਈ ਸਾਥੀ ਗੁਰਦੇਵ ਸਿੰਘ ਲੋਹਗੜ੍ਹ ਨੇ ਚਲਾਈ। ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਆਰਐੱਸਐੱਸ-ਭਾਜਪਾ, ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੇ ਪਿਛਾਖੜੀ ਤੱਤਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਗਾਉਣ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਹੋਣ ਤੇ ਇਨ੍ਹਾਂ ਕੁਚਾਲਾਂ ਨੂੰ ਸਾਂਝੇ ਸੰਗਰਾਮਾਂ ਰਾਹੀਂ ਫ਼ੇਲ੍ਹ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕੇਂਦਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਡਰਲ ਅਧਿਕਾਰਾਂ ਦੇ ਘਾਣ ਵਿਰੁੱਧ ਦੇਸ਼ ਵਿਆਪੀ ਜੱਦੋ ਜਹਿਦ ਉਸਾਰਨ ਦੀ ਵੀ ਅਪੀਲ ਕੀਤੀ। ਸਾਥੀ ਮਹੀਪਾਲ ਨੇ ਕੇਂਦਰੀ ਹੁਕਮਰਾਨਾਂ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਖਿਲਾਫ ਵੀ ਹਰ ਮੰਚ ਤੋਂ ਗਰਜ਼ਵੀਂ ਆਵਾਜ ਬੁਲੰਦ ਕਰਨ ਲਈ ਕਿਹਾ।
ਮੀਟਿੰਗ ਵਲੋਂ ਮੰਗ ਕੀਤੀ ਗਈ ਹੈ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ, ਦਰਿਆਈ ਪਾਣੀਆਂ ਦੀ ਰੀਪੇਰੀਅਨ ਅਸੂਲ ਮੁਤਾਬਕ ਨਿਆਈਂ ਵੰਡ ਕੀਤੀ ਜਾਵੇ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕੀਤੇ ਜਾਣ ਅਤੇ ਪੰਜਾਬੀ ਭਾਸ਼ਾ ਨੂੰ ਦੇਸ਼ ਭਰ 'ਚ ਬਣਦਾ ਸਨਮਾਨ ਦਿੱਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਕੀਤੀ ਜਾ ਰਹੀ ਨਸ਼ਾ ਤਸਕਰਾਂ, ਅਪਰਾਧੀ ਗ੍ਰੋਹਾਂ ਤੇ ਮਾਫ਼ੀਆ ਤੱਤਾਂ ਦੀ ਪੁਸ਼ਤ ਪਨਾਹੀ, ਭ੍ਰਿਸ਼ਟ ਅਮਲਾਂ ਅਤੇ ਲੋਕਾਂ 'ਤੇ ਢਾਹੇ ਜਾ ਰਹੇ ਜ਼ਬਰ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਆਰੰਭ ਵਿਚ ਵਿਛੜੇ ਆਗੂਆਂ ਸਾਥੀ ਪਿਆਰਾ ਸਿੰਘ ਪ੍ਰਿੰਸੀਪਲ, ਡਾਕਟਰ ਬਲਵਿੰਦਰ ਸਿੰਘ ਛੇਹਰਟਾ, ਜਸਪਾਲ ਸਿੰਘ ਝਬਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।