ਵਿਧਾਇਕ ਸੁਖਬੀਰ ਸਿੰਘ ਵੱਲੋਂ ਸੱਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ
Publish Date: Thu, 11 Jun 2026 04:36 PM (IST)
Updated Date: Fri, 12 Jun 2026 04:06 AM (IST)

ਵਿਧਾਇਕ ਵੱਲੋਂ 2027 ਵਿਧਾਨ ਸਭਾ ਚੋਣਾਂ ਦਾ ਕੀਤਾ ਆਗਾਜ਼ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ 2027 ਅਤੇ ਐਸਆਈਆਰ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਪਿੰਡ ਮਾਈਸਰਖਾਨਾ ਵਿਖੇ ਇੱਕ ਅਹਿਮ ਤੇ ਜ਼ਰੂਰੀ ਮੀਟਿੰਗ ਮਿਸ਼ਨ 2027 ਸੱਦੀ ਗਈ। ਇਹ ਮੀਟਿੰਗ ਉਸ ਸਮੇਂ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ, ਜਦੋਂ ਹਲਕੇ ਭਰ ਤੋਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਅਹੁਦੇਦਾਰ, ਸੀਨੀਅਰ ਆਗੂ ਅਤੇ ਵਰਕਰ ਉਤਸ਼ਾਹ ਨਾਲ ਉੱਥੇ ਪਹੁੰਚੇ। ਮੀਟਿੰਗ ਦੌਰਾਨ ਇਕੱਠੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ 2027 ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰ ਹੁਣੇ ਤੋਂ ਹੀ ਲਾਮਬੰਦ ਹੋਣਾ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਐੱਸ.ਆਈ.ਆਰ. ਦੇ ਅਹਿਮ ਮੁਦਿਆਂ ਤੇ ਹਾਜ਼ਰੀਨ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਐਸਆਈਆਰ ਸੰਬੰਧੀ ਆਪਣੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਨੂੰ ਦੇ ਕੇ ਆਪਣੀ ਇਕ ਇਕ ਵੋਟ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹਲਕੇ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਸਾਂਝੀ ਕੀਤੀ। ਵਿਧਾਇਕ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਵਰਕਰਾਂ ਦੇ ਪਹੁੰਚੇ ਅਥਾਹ ਇਕੱਠ ਅਤੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਜ਼ਿਲ੍ਹਾ ਪ੍ਰਸਿਦ ਮੈਂਬਰ ਗੁਰਦੀਪ ਕੌਰ, ਬਲਾਕ ਸੰਮਤੀ ਚੇਅਰਮੈਨ ਰੇਸ਼ਮ ਸਿੰਘ, ਜ਼ਿਲ੍ਹਾ ਵਾਈਸ ਕੋਆਰਡੀਨੇਟਰ ਹਿੰਮਤ ਸਿੰਘ ਕੁੱਤੀਵਾਲ, ਭੁਪਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ, ਬੀਸੀ ਬਿੰਗ ਦੇ ਹਲਕਾ ਕੋਆਰਡੀਨੇਟਰ ਅਮਰੀਕ ਸਿੰਘ, ਜਗਸੀਰ ਸ਼ਰਮਾ ਬਲਾਕ ਪ੍ਰਧਾਨ ਅਤੇ ਪਾਰਟੀ ਸੰਗਠਨ ਦੇ ਵੱਖ-ਵੱਖ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਵਿਧਾਇਕ ਮਾਈਸਰਖਾਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਅਖੀਰ ਵਿੱਚ ਵਿਧਾਇਕ ਵੱਲੋਂ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਸਮੂਹ ਅਹੁਦੇਦਾਰਾਂ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਰੋਹਿਤ ਜਿੰਦਲ ਚੇਅਰਮੈਨ ਟਰੇਡ ਵਿੰਗ, ਕੌਂਸਲਰ ਕਿਰਪਾਲ ਸਿੰਘ ਪਾਲ, ਕੌਂਸਲਰ ਸਿਕੰਦਰ ਸਿੰਘ, ਬਲਾਕ ਪ੍ਰਧਾਨ ਡਾਕਟਰ ਮਲਕੀਤ ਸਿੰਘ, ਗੁਰਦੀਪ ਸਿੰਘ ਡਿੱਖ, ਅਵਤਾਰ ਸਿੰਘ ਕਾਲਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਸਨ।