ਲੋਕਾਂ ਨੂੰ ਸੰਤ ਦਿਖਾਉਂਦੇ ਨੇ ਸੱਚ ਦਾ ਰਾਹ : ਭੁਵਨੇਸ਼ਵਰੀ ਦੇਵੀ
ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ
Publish Date: Mon, 16 Mar 2026 06:34 PM (IST)
Updated Date: Tue, 17 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਮਾਨਸਾ ਵਿਖੇ ਚੌਥੇ ਦਿਨ ਸੰਗਤਾਂ ਨੂੰ ਪ੍ਰਵਚਨ ਦਿੰਦਿਆਂ ਕਿਹਾ ਕਿ ਸਤਿਸੰਗ ਦਾ ਅਰਥ ਹੈ ਸਤ (ਸੱਚ) ਦੇ ਨਾਲ ਸੰਗਤ ਕਰਨਾ ਭਾਵ ਉਨ੍ਹਾਂ ਮਹਾਂਪੁਰਖਾਂ, ਗੁਰੂਆਂ ਅਤੇ ਸਾਧੂਆਂ ਦੀ ਸੰਗਤ ਵਿਚ ਰਹਿਣਾ, ਜੋ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੇ ਹਨ ਅਤੇ ਜਦੋਂ ਮਨੁੱਖ ਸਤਿਸੰਗ ਵਿੱਚ ਬੈਠਦਾ ਹੈ ਤਾਂ ਉਸਦਾ ਮਨ ਹੌਲੀ-ਹੌਲੀ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਸਤਿਸੰਗ ਨਾਲ ਆਤਮਿਕ ਸ਼ੁੱਧੀ ਤੇ ਮਨ ਦੀ ਮੈਲ ਦੂਰ ਹੁੰਦੀ ਹੈ। ਸਤਿਸੰਗ ਵਿਚ ਧਾਰਮਿਕ ਬਚਨ ਅਤੇ ਨਾਮ ਸਿਮਰਨ ਸੁਣਨ ਨਾਲ ਮਨ ਵਿੱਚੋਂ ਨਕਾਰਾਤਮਕ ਵਿਚਾਰ ਦੂਰ ਹੋਣ ਲੱਗਦੇ ਹਨ। ਸੰਤਾਂ ਦੇ ਬਚਨ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਂਦੇ ਹਨ। ਸਤਿਸੰਗ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਦਾ ਜਾਪ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜੋ ਆਤਮਾ ਨੂੰ ਪਵਿੱਤਰ ਕਰਦਾ ਹੈ। ਸਤਿਸੰਗ ਮਨੁੱਖ ਦੀ ਜਿੰਦਗੀ ਨੂੰ ਬਦਲ ਸਕਦਾ ਹੈ। ਜਦੋਂ ਅਸੀਂ ਸੱਚੀ ਸੰਗਤ ਕਰਦੇ ਹਾਂ ਅਤੇ ਨਾਮ ਸਿਮਰਨ ਕਰਦੇ ਹਾਂ, ਤਾਂ ਆਤਮਾ ਦੀ ਸ਼ੁੱਧੀ ਹੋਣ ਲੱਗਦੀ ਹੈ ਅਤੇ ਮਨ ਨੂੰ ਅਸਲੀ ਸ਼ਾਂਤੀ ਮਿਲਦੀ ਹੈ। ਅੱਜ ਦੇ ਸਤਿਸੰਗ ਦੌਰਾਨ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਨੇ ਸੰਗਤਾਂ ਨੂੰ ਸੁਆਮੀ ਹਰੀਦਾਸ ਜੀ ਦੇ ਜੀਵਨ ਅਤੇ ਪ੍ਰਭੂ ਭਗਤੀ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਚੌਥੇ ਦਿਨ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਆਪਣੀ ਧਰਮਪਤਨੀ ਸਮੇਤ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਝੰਡਾ ਪੂਜਨ ਦੀ ਰਸਮ ਸ਼੍ਰੀ ਕੇਵਲ ਕ੍ਰਿਸ਼ਨ, ਰਾਜਿੰਦਰ ਕੁਮਾਰ ਤੇ ਸੰਜੀਵ ਕੁਮਾਰ ਪਾਤੜਾਂ ਮੰਡੀ ਵੱਲੋਂ ਨਿਭਾਈ ਗਈ ਅਤੇ ਜੋਤੀ ਪ੍ਰਜਵਲਿਤ ਕਰਨ ਦਾ ਸੁਭਾਗ ਡਾਕਟਰ ਪਵਨ ਕੁਮਾਰ ਬੁਢਲਾਡਾ ਨੂੰ ਪ੍ਰਾਪਤ ਹੋਇਆ। ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦਾ ਸਨਮਾਨ ਰਾਕੇਸ਼ ਕੁਮਾਰ ਚੰਡੀਗੜ੍ਹ ਡਾਕਟਰ ਵਿਸ਼ਾਲ ਕੁਮਾਰ ਮਾਨਸਾ ਨੂੰ ਮਿਲਿਆ।ਪਗੜੀ ਰਸਮ ਮਨੀਸ਼ ਕੁਮਾਰ (ਡਿਪਟੀ ਰਾਮ ਐੰਡ ਸੰਜ) ਵੱਲੋਂ ਅਤੇ ਪੁਸ਼ਪ ਭੇਟ ਦੀ ਰਸਮ ਬਲਕੌਰ ਸਿੰਘ ਅਤੇ ਚਮਕੌਰ ਸਿੰਘ ਮੂਸੇਵਾਲਾ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਕ੍ਰਿਸ਼ਨ ਜੀ ਦੇ ਭਜਨ ਤੇ ਕੋਰਿਓਗ੍ਰਾਫ਼ੀ ਵੀ ਕੀਤੀ ਗਈ, ਜਿਸ ਦੀ ਤਿਆਰੀ ਡਾ. ਨੀਰੂ ਸ਼ਰਮਾ (ਸੰਗੀਤ ਅਧਿਆਪਕਾ) ਵੱਲੋਂ ਕਰਵਾਈ ਗਈ। ਮੰਚ ਸੰਚਾਲਨ ਦੀ ਭੁਮਿਕਾ ਟਰੱਸਟ ਦੇ ਕੌਮੀ ਸਕੱਤਰ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਪੂਰੀ ਮਰਿਆਦਾ ਨਾਲ ਨਿਭਾਈ ਗਈ।