ਨਗਰ ਪੰਚਾਇਤ ਬੋਹਾ ਦੀ ਵਾਰਡਬੰਦੀ ਰੱਦ ਕੀਤੀ ਜਾਵੇ : ਜਥੇ. ਕਲੀਪੁਰ
ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਦ ਅੱਜ
Publish Date: Sat, 03 Jan 2026 05:22 PM (IST)
Updated Date: Sun, 04 Jan 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅੱਜ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਬਲਮ ਸਿੰਘ ਕਲੀਪੁਰ , ਨਗਰ ਪੰਚਾਇਤ ਬੋਹਾ ਦੇ ਸਾਬਕਾਂ ਪ੍ਰਧਾਨ ਜਥੇਦਾਰ ਜੋਗਾ ਸਿੰਘ ਤੇ ਸਾਬਕਾ ਸਰਪੰਚ ਸਰਦੂਲ ਸਿੰਘ ਉਪਲ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਸਿੰਕਦਰ ਸਿੰਘ ਨੂੰ ਮਿਲਿਆ। ਵਫ਼ਦ ਨੇ ਬੋਹਾ ਨਗਰ ਪੰਚਾਇਤ ਦੀ ਲੋਕਾਂ ਨੂੰ ਭਰੋਸੇ ‘ਚ ਲਏ ਬਿਨਾਂ ਰਾਜਨੀਤਕ ਅਧਾਰ ‘ਤੇ ਕੀਤੀ ਵਾਰਡਬੰਦੀ ਖਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਵਾਰਡਬੰਦੀ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਜਥੇ. ਬਲਮ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਬੋਹਾ ਦੇ ਵਾਰਡ ਨੰਬਰ. 01 ਤੋਂ 13 ਤੱਕ ਦੀ ਵਾਰਡਬੰਦੀ ਗ਼ੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਤੇ ਐੱਸਸੀ ਤੇ ਬੀਸੀ ਆਬਾਦੀ ਦੀ ਗਿਣਤੀ ਤੋੜ ਮਰੋੜ ਕੇ ਗਲਤ ਢੰਗ ਨਾਲ ਵਾਰਡ ਬਣਾਏ ਗਏ ਹਨ। ਉਂਨ੍ਹਾਂ ਕਿਹਾ ਕਿ ਵਾਰਡਾਂ ਦਾ ਗਲਤ ਢੰਗ ਨਾਲ ਕੀਤਾ ਰਾਖਵਾਂਕਰਨ ਲੋਕਾਂ ਲਈ ਵੱਡੀ ਮੁਸੀਬਤ ਸਾਬਤ ਹੋਵੇਗਾ ਤੇ ਵਾਰਡਾਂ ਦੇ ਨੰਬਰ ਬਦਲ ਦਿੱਤੇ ਜਾਣ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਪਤੇ ਬਦਲ ਜਾਣ ਤੇ ਉਨ੍ਹਾਂ ਤੇ ਵੱਡਾ ਵਿੱਤੀ ਬੋਝ ਵੀ ਪਵੇਗਾ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਦੇ ਵਾਰਡ ਨੰਬਰ ਬਦਲਣ ਨਾਲ ਕਰੀਬ 13 ਹਜ਼ਾਰ ਤੋਂ ਵੱਧ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਆਦਿ ਤੋਂ ਇਲਾਵਾ ਲੋਕ ਭਲਾਈ ਸਕੀਮਾਂ, ਬੈਂਕ ਖਾਤੇ, ਬੱਚਿਆਂ ਦੇ ਵਜ਼ੀਫੇ ਆਦਿ ਤੇ ਪਤਾ ਬਦਲਾਉਣ ਤੇ ਬਹੁਤ ਭਾਰੀ ਰਕਮ ਤੇ ਸਮਾਂ ਬਰਬਾਦ ਹੋਵੇਗਾ। ਜਥੇਦਾਰ ਜੋਗਾ ਸਿੰਘ ਨੇ ਕਿਹਾ ਕਿ ਜੇ ਇਹ ਗੈਰ ਅਸੂਲੀ ਵਾਰਡ ਬੰਦੀ ਰੱਦ ਨਾ ਕੀਤੀ ਗਈ, ਤਾਂ ਬੋਹਾ-ਬੁਢਲਾਡਾ ਸੜਕ ਜਾਮ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਾਰਜਸਾਧਕ ਅਫ਼ਸਰ ਸਿੰਕਦਰ ਸਿੰਘ ਨੇ ਕਿਹਾ ਕਿ ਵਾਰਡਬੰਦੀ ਕਾਨੂੰਨ ਢੰਗ ਨਾਲ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦੱਲ ਵੱਲੋਂ ਲਗਾਏ ਇਤਰਾਜ਼ ਉਨ੍ਹਾਂ ਵਸੂਲ ਕਰ ਲਏ ਹਨ ਤੇ ਇਹ ਇਤਰਾਜ਼ ਪੱਤਰ ਡਿਪਟੀ ਕਮਿਸ਼ਨਰ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।