ਬਾਜ਼ਾਰ ’ਚ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫ਼ਿਕ ਜਾਮ, ਲੋਕ ਤੰਗ
ਮਾਨਸਾ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ
Publish Date: Tue, 14 Apr 2026 05:22 PM (IST)
Updated Date: Wed, 15 Apr 2026 04:04 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫ਼ਿਕ ਸਮੱਸਿਆ ਦਿਨੋ ਦਿਨ ਗੰਭੀਰ ਰੂਪ ਧਾਰਦੀ ਜਾ ਰਹੀ ਹੈ। ਬਾਜ਼ਾਰ ’ਚ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬਾਹਰ ਸੜਕ ‘ਤੇ ਸਮਾਨ ਰੱਖਿਆ ਜਾ ਰਿਹਾ ਹੈ, ਜਿਸ ਨਾਲ ਰਸਤਾ ਕਾਫ਼ੀ ਛੋਟਾ ਹੋ ਜਾਂਦਾ ਹੈ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਅਕਸਰ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਮੁੱਖ ਬਾਜ਼ਾਰ ਤੋਂ ਬੱਸ ਸਟੈਂਡ ਵੱਲ ਜਾਣ ਵਾਲੀ ਸੜਕ ’ਤੇ ਇਹ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੈ। ਦਿਨ ਦੇ ਸਮੇਂ ਇੱਥੇ ਵਾਹਨਾਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ, ਜਿਸ ਨਾਲ ਨਾ ਸਿਰਫ਼ ਵਾਹਨ ਚਾਲਕਾਂ ਨੂੰ ਮੁਸ਼ਕਿਲ ਹੀ ਨਹੀਂ ਹੁੰਦੀ, ਸਗੋਂ ਪੈਦਲ ਯਾਤਰੀਆਂ ਨੂੰ ਵੀ ਚੱਲਣ ਲਈ ਢੰਗ ਦੀ ਜਗ੍ਹਾ ਨਹੀਂ ਮਿਲਦੀ। ਕਈ ਵਾਰ ਲੋਕਾਂ ਨੂੰ ਜਾਮ ’ਚ ਲੰਬਾ ਸਮਾਂ ਖੜ੍ਹਾ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਕੰਮਕਾਜ ‘ਤੇ ਵੀ ਅਸਰ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਜਾਮ ਕਾਰਨ ਕਈ ਵਾਰ ਐਂਬੂਲੈਂਸ ਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਵੀ ਰਸਤਾ ਨਹੀਂ ਮਿਲਦਾ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਦੀ ਸਥਿਤੀ ਕਿਸੇ ਵੀ ਵੇਲੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਅਜਿਹੇ ਹਾਲਾਤ ਦੇ ਬਾਵਜੂਦ ਸੰਬੰਧਿਤ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਮਾਨਸਾ ਦੇ ਵਾਸੀ ਗੁਰਸੇਵਕ ਸਿੰਘ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਨਾਜਾਇਜ਼ ਕਬਜ਼ੇ ਹਟਾ ਕੇ ਸੜਕਾਂ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਟ੍ਰੈਫ਼ਿਕ ਪ੍ਰਬੰਧ ਸੁਚਾਰੂ ਹੋ ਸਕੇ ਤੇ ਲੋਕਾਂ ਨੂੰ ਰਾਹਤ ਮਿਲ ਸਕੇ।