ਕਿਸੇ ਨੂੰ ਪਾਣੀ ਕਿਵੇਂ ਦਿੱਤਾ ਜਾ ਸਕਦਾ, ਪੰਜਾਬ ਖੁਦ ਰੇਗਿਸਤਾਨ ਬਣਨ ਵੱਲ ਵਧ ਰਿਹਾ : ਧਾਲੀਵਾਲ
ਦੇਸ਼ ਦੀ ਆਜ਼ਾਦੀ ਵਿੱਚ ਵਿਸ਼ੇਸ਼ ਯੋਗਦਾਨ ਤੇ
Publish Date: Mon, 08 Jun 2026 05:26 PM (IST)
Updated Date: Mon, 08 Jun 2026 05:29 PM (IST)

ਮੋਦੀ ਸਰਕਾਰ ਵੱਲੋਂ ਆਪਣੇ ਸਿਆਸੀ ਮੁਫ਼ਾਦ ਲਈ ਐਸਆਈਆਰ ਤਹਿਤ ਕੱਟੀਆਂ ਜਾ ਰਹੀਆਂ ਵੋਟਾਂ ਨੂੰ ਕੱਟਣ ਨਹੀਂ ਦੇਵੇਗਾ : ਅਰਸ਼ੀ, ਸੀਪੀਆਈ ਵੱਲੋਂ ਸੂਬੇ ਨਾਲ ਵਿਤਕਰੇਬਾਜ਼ੀ, ਮੰਗਾਂ ‘ਤੇ ਮਸਲਿਆਂ ਸਬੰਧੀ ਵਿਸ਼ਾਲ ਕਨਵੈਨਸ਼ਨ ਕੀਤੀ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਦੇਸ਼ ਦੀ ਆਜ਼ਾਦੀ ਵਿੱਚ ਵਿਸ਼ੇਸ਼ ਯੋਗਦਾਨ ਤੇ ਕੁਰਬਾਨੀਆਂ ਦੇਣ ਵਾਲਾ ਪੰਜਾਬ ਸੂਬਾ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਧਰਤੀ ਗੂਰੁਆਂ, ਪੀਰਾਂ ਤੇ ਦੇਸ਼ ਭਗਤਾਂ ਦੀ ਵਿਰਾਸਤ ਹੈ। ਬੇਸ਼ੱਕ ਨਸ਼ਾ, ਬੇਰੁਜ਼ਗਾਰੀ, ਗੈਂਗਸਟਰਵਾਦ ਤੇ ਕਰਜ਼ਾ ਪੰਜਾਬ ਲਈ ਸ਼ਰਾਪ ਬਣਿਆ ਹੋਇਆ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਆਪਣੇ ਸਿਆਸੀ ਮੁਫ਼ਾਦ ਤੇ ਹਿੱਤਾਂ ਲਈ ਪੰਜਾਬ ਨੂੰ ਤਬਾਹੀ ਵੱਲ ਧੱਕ ਰਹੀ ਹੈ। ਜ਼ਿਕਰਯੋਗ ਪਹਿਲਾਂ ਬੀਬੀਐਮਬੀ ਤਹਿਤ ਪੰਜਾਬ ਦੇ ਪਾਣੀਆਂ ਨੂੰ ਕੇਂਦਰੀ ਕਰਨ ਦੇ ਨਾਅਰੇ ਤਹਿਤ ਪੰਜਾਬ ਦੀ ਮੈਂਬਰੀ ਖ਼ਤਮ ਕਰਕੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੀ ਡੂੰਘੀ ਸਾਜ਼ਿਸ਼ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਮਾਨਸਾ ਕਨਵੈਨਸ਼ਨ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ। ਬੇਰੁਜ਼ਗਾਰ ਨੌਜਵਾਨਾਂ ਦੀ ਅਵਾਜ਼ ਨੂੰ ਪੁਲਿਸ ਤੇ ਡੰਡੇ ਦੇ ਜ਼ੋਰ ਨਾਲ ਰੋਕਿਆ ਜਾ ਰਿਹਾ ਹੈ। ਉਨ੍ਹਾਂ ਮਨਰੇਗਾ, ਕਰਜ਼ ਮੁਆਫ਼ੀ, ਰੁਜ਼ਗਾਰ ਤੇ ਨਸ਼ਿਆਂ ਖ਼ਿਲਾਫ਼ ਲੋਕ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ਸਮੇਂ ਅਖ਼ੌਤੀ ਇਨਕਲਾਬੀ ਤੇ ਸੰਘੀਆਂ ਖਿਲਾਫ਼ ਤਿੱਖੇ ਸੰਘਰਸ਼ ਦੀ ਅਪੀਲ ਕੀਤੀ। ਵੱਧ ਰਹੀਆਂ ਗੈਸ, ਤੇਲ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ। ਸੀਪੀਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ਤੇ ਅਸਿੱਧੇ ਤੌਰ ਤੇ ਕਬਜ਼ਾ ਕਰਨ ਲਈ ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਐਸਆਈਆਰ ਦੇ ਬਹਾਨੇ ਵੋਟਾਂ ਕੱਟਣ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਕੱਟਣ ਨਹੀਂ ਦਿੱਤਾ ਜਾਵੇਗਾ। ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਚੇਤਨ ਕਰਦਿਆਂ ਕਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਤੇ ਚਲਦਿਆਂ ਰਾਜਾ ਦੇ ਅਧਿਕਾਰਾਂ ਤੇ ਹਮਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 11 ਕਰੋੜ ਲੋਕਾਂ ਦੀ ਬੋਲੀ ਪੰਜਾਬੀ ਨੂੰ ਇਸੇ ਫ਼ਿਰਕੂ ਏਜੰਡੇ ਤਹਿਤ ਮਧੋਲਿਆ ਜਾ ਰਿਹਾ ਹੈ। ਵਿਦਿਅਕ ਅਦਾਰਿਆਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ 50 ਕਿਲੋਮੀਟਰ ਦੇ ਘੇਰੇ ਬਾਰਡਰ ਸੁਰੱਖਿਆ ਦਾ ਹਵਾਲਾ ਦੇ ਕੇ ਬੀਐੱਸਐੱਫ਼ ਦੇ ਹਵਾਲੇ ਕਰਕੇ ਕੇਂਦਰ ਵੱਲੋਂ ਸਿੱਧੇ ਤੌਰ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਅਜ਼ਾਦੀ ਤੋਂ ਹੌਂਦ ਮਹਾਨ ਪੰਜਾਬ ਯੂਨੀਵਰਸਿਟੀ ਨੂੰ ਤੁਕਲਕੀ ਫੁਰਮਾਨ ਜਾਰੀ ਕਰਕੇ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੋਕ ਸੰਘਰਸ਼ ਦੇ ਬਲਬੂਤੇ ਤੇ ਬਚਾਇਆ ਗਿਆ ਹੈ। ਪ੍ਰੋਗਰਾਮ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਐਡਵੋਕੇਟ ਕੁਲਵਿੰਦਰ ਉੱਡਤ ਦੀ ਅਗਵਾਈ ਹੇਠ ਕੀਤਾ ਗਿਆ। ਕਨਵੈਨਸ਼ਨ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ, ਗੁਰਮੀਤ ਸਿੰਘ ਜੋਗਾ, ਰੂਪ ਸਿੰਘ ਢਿੱਲੋਂ, ਸੀਤਾਰਾਮ ਗੋਬਿੰਦਪੁਰਾ, ਸਾਧੂ ਸਿੰਘ ਰਾਮਾਨੰਦੀ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਭੀਖੀ, ਜਗਸੀਰ ਰਾਏਕੇ ਐਮ ਸੀ, ਮਲਕੀਤ ਮੰਦਰਾਂ, ਰਤਨ ਭੋਲਾ, ਅਰਵਿੰਦਰ ਕੌਰ, ਗੁਰਮੇਲ ਕੌਰ ਸਾਬਕਾ ਐਮ ਸੀ, ਮਲਕੀਤ ਸਿੰਘ ਜੋਗਾ, ਚਿਮਨ ਲਾਲ ਕਾਕਾ, ਰਘੂਨਾਥ ਸਿੰਗਲਾ, ਹਰਦਿਆਲ ਸਿੰਘ ਬੁਢਲਾਡਾ, ਰਾਜ ਕੁਮਾਰ ਸ਼ਰਮਾ, ਬਲਵੰਤ ਸਿੰਘ ਫੱਕਰ, ਬੂਟਾ ਸਿੰਘ ਬਰਨਾਲਾ, ਪੂਰਨ ਸਿੰਘ ਸਰਦੂਲਗੜ੍ਹ, ਗੁਰਪਿਆਰ ਸਿੰਘ ਫੱਤਾ, ਕਰਨੈਲ ਸਿੰਘ ਦਾਤੇਵਾਸ, ਗੋਰਾ ਟਾਹਲੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਪ੍ਰੋਗਰਾਮ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਾਥੀ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ।