ਹੱਤਿਆ ਦਾ ਕੇਸ ਦਰਜ ਕਰਵਾਉਣ ਲਈ ਮ੍ਰਿਤਕ ਦੇ ਪਰਿਵਾਰ ਵੱਲੋਂ ਹਾਈਵੇਅ ਜਾਮ
ਨਜ਼ਦੀਕੀ ਪਿੰਡ ਹੋਡਲਾ ਕਲਾਂ
Publish Date: Sun, 08 Mar 2026 08:58 PM (IST)
Updated Date: Mon, 09 Mar 2026 04:15 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ ਨਜ਼ਦੀਕੀ ਪਿੰਡ ਹੋਡਲਾ ਕਲਾਂ ਵਿੱਚ ਪੈਸਿਆਂ ਦੇ ਲੈਣ ਦੇਣ ਸਬੰਧੀ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਬਠਿੰਡਾ ਪਟਿਆਲਾ ਹਾਈਵੇਅ ‘ਤੇ ਜਾਮ ਲਗਾ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਮਾਨਸਾ ਬੂਟਾ ਸਿੰਘ ਗਿੱਲ ਮੌਕੇ ‘ਤੇ ਪਹੁੰਚੇ। ਮ੍ਰਿਤਕ ਸਾਗਰ ਸਿੰਘ ਦੇ ਪੁੱਤਰ ਤਰਸੇਮ ਸਿੰਘ ਵਾਸੀ ਹੋਡਲਾ ਕਲਾਂ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਰੁਪਏ ਉਧਾਰ ਦਿੱਤੇ ਹੋਏ ਸਨ ਅਤੇ ਜਦੋਂ ਉਹ ਆਪਣੇ ਰੁਪਏ ਵਾਪਸ ਮੰਗਦਾ ਸੀ ਤਾਂ ਉਹ ਉਸਨੂੰ ਅਪਸ਼ਬਦ ਬੋਲਦੇ ਸਨ। ਬੀਤੀ 6 ਮਾਰਚ ਨੂੰ ਮੇਰੇੇ ਪਿਤਾ ਜਦੋਂ ਪਿੰਡ ਵਿੱਚ ਹੀ ਬਣੇ ਆਪਣੇ ਪਲਾਟ ਵਿੱਚ ਸਬਜ਼ੀਆਂ ਦੀ ਦੇਖਭਾਲ ਕਰਨ ਗਏ ਤਾਂ ਉਕਤ ਵਿਅਕਤੀਆਂ ਨੇ ਮੇਰੇ ਪਿਤਾ ‘ਤੇ ਇੱਟਾਂ, ਰੋੜਿਆਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੀਖੀ ਲਿਆਂਦਾ ਗਿਆ ਜਿਥੋਂ ਉਨ੍ਹਾਂ ਨੂੰ ਮਾਨਸਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਅਤੇ ਉਸੇ ਰਾਤ ਉਨਾਂ ਦੀ ਮੌਤ ਹੋ ਗਈ। ਤਰਸੇਮ ਸਿੰਘ ਨੇ ਦੱਸਿਆ ਕਿ ਭੀਖੀ ਪੁਲਿਸ ਇਸ ਮਾਮਲੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਬਜਾਏ ਲਾਪ੍ਰਵਾਹੀ ਨਾਲ ਮੌਤ ਹੋਣ ਦੀ ਧਾਰਾ ਲਗਾ ਰਹੀ ਹੈ ਜਦੋਂ ਕਿ ਹਮਲਾਵਰਾਂ ਨੇ ਉਸਦੀ ਪਿਤਾ ਦੀ ਹੱਤਿਆ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਭੂਰਾ ਸਿੰਘ ਖਡਿਆਲ ਨੇ ਕਿਹਾ ਕਿ ਉਹ ਪੁਲਿਸ ਕੋਲ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਜੋੜਨ ਦੀ ਮੰਗ ਨੂੰ ਲੈਕੇ ਥਾਣਾ ਭੀਖੀ ਦੇ ਮੁਖੀ ਕੋਲ ਗਏ ਸਨ ਪ੍ਰੰਤੂ ਥਾਣਾ ਮੁਖੀ ਵਲੋਂ ਉਨਾਂ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਤੋਂ ਬਾਅਦ ਉਹ ਰੋਡ ਜਾਮ ਕਰਨ ਲਈ ਮਜਬੂਰ ਹੋ ਗਏ ਪ੍ਰੰਤੂ ਥਾਣਾ ਮੁਖੀ ਭੀਖੀ ਵਲੋਂ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਗਿਆ। ਉਧਰ ਡੀਐਸਪੀ ਬੂਟਾ ਸਿੰਘ ਗਿੱਲ ਵਲੋਂ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਲੋਂ ਧਰਨਾ ਸਮਾਪਤ ਕੀਤਾ ਗਿਆ।