ਪਹਾੜੀ ਗਾਂ ਦਾ ਘਿਓ ਖ਼ਰੀਦਣ ਵਾਲਿਆਂ ਦੀ ਗਿਣਤੀ ਵਧੀ
ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਵਿੱਚ
Publish Date: Sun, 22 Mar 2026 05:52 PM (IST)
Updated Date: Mon, 23 Mar 2026 04:08 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦ, ਮਹਿਲਾ ਸਸ਼ਕਤੀਕਰਨ ਦੀ ਮਿਸਾਲ ਪੇਸ਼ ਕਰ ਰਹੇ ਹਨ। ਮੇਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਆਗਾਜ਼ ਸਵੈ ਸਹਾਇਤਾ ਸਮੂਹ ਵੱਲੋਂ ਲਗਾਇਆ ਗਿਆ ਸਟਾਲ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸਮੂਹ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ 8 ਮਹਿਲਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਮੇਲੇ ਦੌਰਾਨ ਉਹ 80,000 ਰੁਪਏ ਤੋਂ ਵੱਧ ਮੁੱਲ ਦੇ ਸਮਾਨ ਦੀ ਵਿਕਰੀ ਕਰ ਚੁੱਕੀਆਂ ਹਨ। ਸਟਾਲ ਤੇ ਮੌਜੂਦ ਮੈਂਬਰ ਗੀਤਾ ਨੇ ਦੱਸਿਆ ਸਭ ਤੋਂ ਵੱਧ ਮੰਗ ਪਹਾੜੀ ਗਾਂ ਦੇ ਘਿਓ ਦੀ ਦੇਖੀ ਜਾ ਰਹੀ ਹੈ, ਜਿਸ ਨੂੰ ਲੋਕ ਬਹੁਤ ਉਤਸ਼ਾਹ ਨਾਲ ਖਰੀਦ ਰਹੇ ਹਨ। ਇਸ ਤੋਂ ਇਲਾਵਾ, ਸਮੂਹ ਵੱਲੋਂ ਲਿਆਂਦੀ ਗਈ ਹਰਬਲ ਚਾਹ, ਵੱਖ-ਵੱਖ ਤਰ੍ਹਾਂ ਦੇ ਜੈਮ, ਤੇਲ, ਕੁਦਰਤੀ ਸਕਰੱਬ, ਡਰਾਈ ਫਰੂਟ, ਸਕੁਐਸ਼ ਅਤੇ ਸ਼ੁੱਧ ਸ਼ਹਿਦ ਵੀ ਗਾਹਕਾਂ ਦੀ ਪਸੰਦ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਦੀਆਂ ਪਹਾੜੀਆਂ ਦੇ ਮਸ਼ਹੂਰ ਰਾਜਮਾਹ ਅਤੇ ਵੱਖ-ਵੱਖ ਦਾਲਾਂ ਦੀ ਖ਼ਰੀਦਦਾਰੀ ਲਈ ਵੀ ਸਟਾਲ ਤੇ ਖਰੀਦਦਾਰ ਆ ਰਹੇ ਹਨ। ਗੀਤਾ ਨੇ ਕਿਹਾ ਕਿ ਸਰਸ ਮੇਲਾ, ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਲਈ ਇੱਕ ਮਿਆਰੀ ਪਲੇਟਫਾਰਮ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗਾਜ਼ ਸਮੂਹ ਦੀਆਂ ਮਹਿਲਾਵਾਂ ਦੀ ਮਿਹਨਤ ਰੰਗ ਲਿਆ ਰਹੀ ਹੈ ਅਤੇ ਮਾਨਸਾ ਦੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਉਨ੍ਹਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਟਾਲ ਨਾ ਸਿਰਫ਼ ਸ਼ੁੱਧ ਪਹਾੜੀ ਖਾਧ ਪਦਾਰਥਾਂ ਦੀ ਸਪਲਾਈ ਕਰ ਰਿਹਾ ਹੈ, ਸਗੋਂ ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਜੇਕਰ ਮਹਿਲਾਵਾਂ ਨੂੰ ਸਹੀ ਮੌਕਾ ਮਿਲੇ ਤਾਂ ਉਹ ਆਰਥਿਕ ਤੌਰ ਤੇ ਮਜ਼ਬੂਤ ਹੋ ਕੇ ਸਮਾਜ ਵਿੱਚ ਨਵਾਂ ਬਦਲਾਅ ਲਿਆ ਸਕਦੀਆਂ ਹਨ।