- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਗਾਇਨਾਕੋਲੋਜਿਸਟ (ਔਰਤ ਰੋਗਾਂ ਦੇ ਮਾਹਿਰ ਡਾਕਟਰ) ਅਤੇ ਆਈਐਮਏ ਦੇ ਮੈਂਬਰਾਂ ਨਾਲ ਆਪਸੀ ਤਾਲਮੇਲ ਤੇ ਸਾਂਝਾ ਪ੍ਰੋਗਰਾਮ ਤੈਅ ਕਰਨ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਪ੍ਰਾਈਵੇਟ ਗਾਇਨਾਕੋਲੋਜਿਸਟ ਤੋਂ ਸੁਝਾਅ ਵੀ ਲਏ ਗਏ। ਪੀਪੀਐਚ ਦੀ ਸਹੀ ਅਤੇ ਸਮੇਂ ਸਿਰ ਮੈਨੇਜਮੈਂਟ ਅਤੇ ਇਲਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮਾਨਸਾ ਜਿਲ੍ਹੇ ਵਿੱਚ ਹੋਈ। ਇਸ ਪਹਿਲ ਕਦਮੀ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਣਜੀਤ ਸਿੰਘ ਰਾਏ ਨੇ ਮਾਤਰੀ ਮੌਤ ਦਰ ਘਟਾਉਣ ਲਈ ਅਹਿਮ ਉਪਰਾਲੇ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਹਰ ਇਕ ਗਰਭਵਤੀ ਦੇ ਜਣੇਪੇ ਨੂੰ ਸੁਰੱਖਿਅਤ ਬਣਾਉਣ ਲਈ ਗਰਭਵਤੀ ਦੇ ਜਣੇਪੇ ਸਬੰਧੀ ਸੱਤਵੇਂ ਮਹੀਨੇ ਤੋਂ ਹੀ ਉਸਦੀ ਡਲਿਵਰੀ ਸਬੰਧੀ ਯੋਜਨਾ ਬਣਾਈ ਜਾਵੇ। ਉਨ੍ਹਾਂ ਹਾਈ ਰਿਸਕ ਗਰਭਵਤੀ ਔਰਤਾਂ ਤੇ ਵੱਧ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਹਿਚਾਣ ਕਰਕੇ ਉਹਨਾਂ ਵੱਲ ਵਿਸ਼ੇਸ ਧਿਆਨ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗਰਭਵਤੀ ਮਾਵਾਂ ਨੂੰ ਗੁੰਝਲਦਾਰ ਜਣੇਪਾ ਹੋਣ ਤੇ ਉਚੇਰੇ ਤੌਰ ’ਤੇ ਸਰਕਾਰੀ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਤੇ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਲਿਵਰੀ ਤੋਂ ਬਾਅਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਅਬਾਰਸ਼ਨ ਆਦਿ ਹੋ ਸਕਦੇ ਹਨ। ਡਾ. ਰਾਏ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਖੁਰਾਕ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਅਰ ਕੰਪੇਨੀਅਨ ਪ੍ਰੋਗਰਾਮ ਤਹਿਤ ਮੋਬਾਇਲ ਕੇਅਰ ਕੰਪੇਨੀਅਨ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਲਈ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਕਾਲ ਕਰਕੇ ਮਨਪਸੰਦ ਭਾਸ਼ਾ ਚੁਣ ਕੇ ਆਪਣਾ ਨੰਬਰ ਵਟਸਐਪ ਨੰਬਰ ਰਜਿਸਟਰ ਕੀਤਾ ਜਾ ਸਕਦਾ ਹੈ ਅਤੇ ਮੈਸਜ ਰਾਹੀਂ ਗਰਭ ਅਵਸਥਾ ਦੌਰਾਨ ਸਿਹਤ ਸੰਭਾਲ ਅਤੇ ਪੋਸਟਿਕ ਖੁਰਾਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੇ ਸਾਰੇ ਨਿਰਧਾਰਿਤ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ ਚੈੱਕ—ਅਪ ਅਤੇ ਟੈਸਟ ਪਹਿਲ ਦੇ ਆਧਾਰ ਤੇ ਕਰਵਾਏ ਜਾਣ। ਉਹਨਾਂ ਕਿਹਾ ਕਿ ਅਜਿਹੀਆਂ ਔਰਤਾਂ ਦੇ ਖਾਣ ਪੀਣ, ਟੀਕਾਕਰਨ ਅਤੇ ਸਿਹਤ ਸਬੰਧੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਜਾਵੇ। ਗਾਇਨਾਕੋਲੋਜਿਸਟ ਡਾ. ਨਵਜੋਤ ਕੌਰ ਸਰਾਂ ਅਤੇ ਡਾ. ਮੋਨਿਕਾ ਸਿੰਗਲਾ ਨੇ ਕਿਹਾ ਕਿ ਉਹ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਗਰਭਵਤੀਆਂ ਤੇ ਸੰਭਾਵਿਤ ਖਤਰੇ ਵਾਲੀ ਗਰਭਵਤੀ ਔਰਤਾਂ ਦਾ ਵਿਸ਼ੇਸ਼ ਤੌਰ ਤੇ ਚੈੱਕ ਅੱਪ ਕਰਵਾਏ ਜਾਣ ਅਤੇ ਉਨ੍ਹਾਂ ਦਾ ਰਿਕਾਰਡ ਜੱਚਾ ਬੱਚਾ ਕਾਰਡ ਤੇ ਦਰਜ ਕੀਤਾ ਜਾਵੇ। ਗਾਇਨਾਕੋਲੋਜਿਸਟ ਡਾ. ਰਿਤੂ, ਡਾ. ਨੀਤੂ ਤੇ ਡਾ. ਦੀਪਿਕਾ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਬਲਡ ਬੈਂਕ ਵਿਚੋਂ ਖੂਨ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ। ਜੇਕਰ ਕਈ ਵਾਰ ਡੋਨਰ ਮੌਜੂਦ ਨਾ ਹੋਵੇ ਤਾਂ ਵੀ ਖੂਨ ਦੇ ਦਿੱਤਾ ਜਾਵੇ। ਜਿਲ੍ਹਾ ਟੀਕਾ ਕਰਨ ਅਫਸਰ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਗਰਭਵਤੀ ਔਰਤ ਨੂੰ ਜੇਕਰ ਰੈਫਰ ਕਰਨ ਦੀ ਲੋੜ ਪੈਂਦੀ ਹੈ ਤਾਂ ਮਰੀਜ ਨੂੰ ਸਟੇਬਲ ਕਰਕੇ ਹੀ ਰੈਫਰ ਕੀਤਾ ਜਾਵੇ। ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਨੇ ਸਮੂਹ ਐਨਮਜ਼ ਤੇ ਆਸ਼ਾ ਵਰਕਰਜ਼ ਨੂੰ ਕਿਹਾ ਕਿ ਉਹ ਗਰਭਵਤੀ ਔਰਤਾਂ ਦਾ ਪੂਰਾ ਰਿਕਾਰਡ ਰੱਖਣ ਅਤੇ ਐਮ.ਸੀ.ਪੀ. ਕਾਰਡ ਪੂਰਾ ਕੀਤਾ ਜਾਵੇ। ਆਈਐਮਏ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਆਈ.ਐਮ.ਏ. ਦੇ ਮੈਂਬਰ ਸਿਹਤ ਵਿਭਾਗ ਨਾਲ ਮਿਲ ਕੇ ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਕੰਮ ਕਰਨਗੇ ਤੇ ਵਿਭਾਗ ਨੂੰ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ—ਵੱਖ ਪ੍ਰਾਈਵੇਟ ਹਸਪਤਾਲਾਂ ਦੇ ਗਾਇਨਾਕਲੋਜਿਸਟ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।