ਨੌਜਵਾਨ ਰਣਜੀਤ ਸਿੰਘ ਦੇ ਮੁਕਾਬਲੇ ਦੀ ਹੋਵੇ ਉੱਚ ਪੱਧਰੀ ਜਾਂਚ : ਸੀਪੀਆਈ
ਗੁਰਦਾਸਪੁਰ ਜ਼ਿਲ੍ਹੇ ਵਿਚ ਨੌਜਵਾਨ ਰਣਜੀਤ ਸਿੰਘ
Publish Date: Sun, 01 Mar 2026 06:41 PM (IST)
Updated Date: Mon, 02 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗੁਰਦਾਸਪੁਰ ਜ਼ਿਲ੍ਹੇ ਵਿਚ ਨੌਜਵਾਨ ਰਣਜੀਤ ਸਿੰਘ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨ ਦਾ ਗੰਭੀਰ ਨੋਟਿਸ ਲੈਂਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਂ ਹੇਠ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਗ਼ੈਰ ਅਦਾਲਤੀ ਹੱਤਿਆਵਾਂ ਕਰਨ ਦੀ ਖੁੱਲ੍ਹੀ ਛੁੱਟੀ ਦੇਣਾ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ, ਜਿਸਦਾ ਸਾਰੇ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣ ਦੀ ਲੋੜ ਹੈ। ਕੋਈ ਵੀ ਨੌਜਵਾਨ ਜਨਮ ਤੋਂ ਗੈਂਗਸਟਰ ਜਾਂ ਮੁਜਰਿਮ ਨਹੀਂ ਹੁੰਦਾ, ਇਹ ਹਾਕਮ ਜਮਾਤੀ ਸਿਆਸਤ ਹੀ ਹੈ, ਜੋ ਆਪਣੇ ਸਿਆਸੀ ਹਿੱਤਾਂ ਲਈ ਗੁੰਡਾ ਗੈਂਗਾਂ ਦਾ ਪਾਲਣ ਪੋਸ਼ਣ ਤੇ ਰਾਜਨੀਤਿਕ ਸਰਪ੍ਰਸਤੀ ਕਰਦੀ ਹੈ। ਗੈਂਗਸਟਰਾਂ ਦੇ ਵਰਤਾਰੇ ਦੇ ਮੂਲ ਕਾਰਨਾਂ ਨੂੰ ਮੁਖ਼ਾਤਬ ਹੋਣ ਦੀ ਬਜਾਏ ਭਗਵੰਤ ਮਾਨ ਸਰਕਾਰ ਕਥਿਤ ਗੈਂਗਸਟਰਾਂ ਦੇ ਮੁਕਾਬਲੇ ਬਣਾ ਕੇ ਸਮਾਜ ’ਚ ਗਿਣ-ਮਿੱਥ ਕੇ ਪੁਲਿਸ ਦੀ ਦਹਿ਼ਸਤ ਤੇ ਖ਼ੌਫ਼ ਦਾ ਰਾਜ ਬਣਾ ਰਹੀ ਹੈ, ਜਿਨ੍ਹਾਂ ਕਥਿਤ ਗੈਂਗਸਟਰਾਂ ਨੂੰ ਪੁਲਿਸ ਸਹਿਜੇ ਹੀ ਗ੍ਰਿਫ਼ਤਾਰ ਕਰ ਸਕਦੀ ਹੈ। ਉਨ੍ਹਾਂ ਨੂੰ ਵੀ ਪੁਲਿਸ ਅਧਿਕਾਰੀ ਸਰਕਾਰ ਦੀ ਸ਼ਹਿ ’ਤੇ ਮੁਕਾਬਲਿਆਂ ਵਿਚ ਮਾਰ ਜਾਂ ਜ਼ਖ਼ਮੀ ਕਰ ਰਹੇ ਹਨ। ਇਹ ਦਰਅਸਲ ਲੋਕ ਸੰਘਰਸ਼ਾਂ ਦੀ ਜਥੇਬੰਦਕ ਤਾਕਤ ਨੂੰ ਦਬਾਉਣ ਲਈ ਦਹਿਸ਼ਤ ਦਾ ਮਾਹੌਲ ਬਣਾਉਣ ਤੇ ਪੁਲਿਸ ਰਾਜ ਵੱਲ ਵਧਣ ਦੇ ਵੱਡੇ ਵਰਤਾਰੇ ਦਾ ਹਿੱਸਾ ਹੈ। ਨੌਜਵਾਨ ਨੂੰ ਪੁਲਿਸ ਵੱਲੋਂ ਘਰੋਂ ਲੈ ਕੇ ਜਾਣ, ਹਥਿਆਰਾਂ ਦੀ ਬਰਾਮਦਗੀ ਮੌਕੇ ਫ਼ਰਾਰ ਹੋਇਆ ਦਿਖਾਉਣ, ਹਥਿਆਰ ਪ੍ਰਾਪਤ ਕਰਕੇ ਗੋਲੀ ਚਲਾਉਣ ਅਤੇ ਮੁਕਾਬਲਾ ਬਣਾਉਣ ਉਪਰੰਤ ਸੀਸੀਟੀਵੀ ਲਾਹ ਕੇ ਲੈ ਜਾਣ ਦੇ ਸਾਰੇ ਹਾਲਾਤ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਹਨ। ਦਰਅਸਲ, ਉਸ ਇਲਾਕੇ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਸ਼ੱਕੀ ਹਾਲਤ ’ਚ ਮੌਤ ਦੇ ਅਸਲ ਕਾਰਨਾਂ ਨੂੰ ਲੁਕਾਉਣ ਲਈ ਮੁਕਾਬਲੇ ਦੀ ਕਹਾਣੀ ਘੜਕੇ ਇਕ ਬੇਕਸੂਰ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ‘ਮੁਕਾਬਲੇ’ ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਭਗਵੰਤ ਮਾਨ ਸਰਕਾਰ ਮੁਕਾਬਲਿਆਂ ਦਾ ਡਰਾਮਾ ਬੰਦ ਕਰੇ ਅਤੇ ਮੁਕਾਬਲੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।