ਸਿਹਤ ਵਿਭਾਗ ਵੱਲੋਂ ਗਣਤੰਤਰ ਦਿਵਸ 'ਤੇ ਸਰਕਾਰ ਨੂੰ ਯਾਦ ਪੱਤਰ ਸੌਂਪਣ ਦਾ ਫ਼ੈਸਲਾ
ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ
Publish Date: Wed, 21 Jan 2026 06:33 PM (IST)
Updated Date: Thu, 22 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜੱਥੇਬੰਦੀ 'ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਪੰਜਾਬ' ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਗਣਤੰਤਰ ਦਿਵਸ ਮੌਕੇ ਸੂਬਾ ਪੱਧਰੀ ਰੋਸ ਪ੍ਰਗਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਯੂਨੀਅਨ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਲਕੀਤ ਸਿੰਘ ਖਿਆਲਾ, ਜਨਰਲ ਸਕੱਤਰ ਹਰਪ੍ਰੀਤ ਸਿੰਘ ਬੱਪੀਆਣਾ ਤੇ ਰਾਜਵੀਰ ਕੌਰ ਨੇ ਦੱਸਿਆ ਕਿ 26 ਜਨਵਰੀ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੰਡਾ ਲਹਿਰਾਉਣ ਪਹੁੰਚ ਰਹੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਯਾਦ-ਪੱਤਰ ਦਿੱਤੇ ਜਾਣਗੇ। ਆਗੂਆਂ ਅਨੁਸਾਰ ਮਲਟੀਪਰਪਜ਼ ਕੇਡਰ ਦੀਆਂ ਮੁੱਖ ਮੰਗਾਂ, ਜਿਵੇਂ ਕਿ ਕੇਡਰ ਦਾ ਨਾਮ ਬਿਨਾਂ ਕਿਸੇ ਵਿੱਤੀ ਲਾਭ ਦੇ ਬਦਲਣਾ, ਸਤੰਬਰ 2021 ਤੋਂ ਰੋਕੇ ਗਏ ਭੱਤੇ ਬਹਾਲ ਕਰਨਾ, ਕੇਂਦਰੀ ਸਕੇਲ ਅਧੀਨ ਮੁਲਾਜ਼ਮਾਂ 'ਤੇ ਪੰਜਾਬ ਦੇ ਸਕੇਲ ਲਾਗੂ ਕਰਨਾ ਅਤੇ ਹਾਈਕੋਰਟ ਦੇ ਫ਼ੈਸਲਿਆਂ ਮੁਤਾਬਕ 'ਬਰਾਬਰ ਕੰਮ ਬਰਾਬਰ ਤਨਖ਼ਾਹ' ਦਾ ਨਿਯਮ ਲਾਗੂ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਰੱਕੀਆਂ ਸਮਾਂਬੱਧ ਕਰਨ ਤੇ ਸੀਨੀਅਰਤਾ ਸੂਚੀਆਂ ਨੂੰ ਸੋਧਣ ਦੀ ਮੰਗ ਵੀ ਜ਼ੋਰ-ਸ਼ੋਰ ਨਾਲ ਚੁੱਕੀ ਗਈ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਇਨ੍ਹਾਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ, ਚਰਨਜੀਤ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ, ਰਾਜਪਾਲ ਕੌਰ ਤੇ ਇਲਾਵਾ ਜਥੇਬੰਦੀ ਦੇ ਹੋਰ ਕਈ ਸਥਾਨਕ ਆਗੂ ਵੀ ਮੌਜੂਦ ਸਨ।