ਪ੍ਰੈਸ਼ਰ ਹਾਰਨਾਂ ਕਾਰਨ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ
ਸੜਕਾਂ ’ਤੇ ਵੱਜਦੇ ਪ੍ਰੈਸ਼ਰ
Publish Date: Sun, 22 Mar 2026 07:32 PM (IST)
Updated Date: Mon, 23 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੜਕਾਂ ’ਤੇ ਵੱਜਦੇ ਪ੍ਰੈਸ਼ਰ ਹਾਰਨਾਂ ਕਾਰਨ ਲੋਕ ਪਰੇਸ਼ਾਨ ਹਨ। ਭਾਵੇਂ ਵਾਤਾਵਰਨ ਨੂੰ ਸੌਖਾ ਕਰਨ ਲਈ ਜਾਗਰੂਕ ਹਫ਼ਤੇ ਮਨਾਏ ਜਾਂਦੇ ਹਨ, ਪਰ ਵਾਹਨ ਚਲਾਉਂਦੇ ਸਮੇਂ ਪ੍ਰੈਸ਼ਰ ਹਾਰਨਾਂ ਨੂੰ ਵਜਾਉਣ ਵਾਲਿਆਂ ’ਤੇ ਇਸ ਦਾ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ। ਆਮ ਲੋਕਾਂ ਵੱਲੋਂ ਇਸ ’ਤੇ ਸਖ਼ਤੀ ਕਰਨ ਦੀ ਮੰਗ ਕੀਤੀ ਜਾਰਹੀ ਹੈ। ਗੁਰਪ੍ਰੀਤ ਸਿੰਘ ਹੀਰਕੇ ਨੇ ਕਿਹਾ ਕਿ ਕਈ ਵਾਰ ਇੰਨੀ ਉੱਚੀ ਆਵਾਜ਼ ’ਚ ਹਾਰਨ ਵੱਜਦੇ ਹਨ ਕਿ ਸੜਕ ਤੇ ਚੱਲਣ ਵਾਲੇ ਬਜ਼ੁਰਗ ਤੇ ਬੱਚੇ ਇੰਨੇ ਡਰ ਜਾਂਦੇ ਹਨ ਕਿ ਕੁਝ ਸਮੇਂ ਲਈ ਆਪਣਾ ਹੋਸ਼ ਹੀ ਖੋਹ ਬੈਠਦੇ ਹਨ। ਕਈ ਵਾਰ ਤਾਂ ਥੋੜਾ ਜਿਹਾ ਟ੍ਰੈਫ਼ਿਕ ਵਿਚ ਰੁਕਾਵਟ ਕਾਰਨ ਕਈ ਬੱਸਾਂ ਅਤੇ ਟਰੱਕਾਂ ਵਾਲੇ ਹਾਰਨ ਤੋਂ ਹੱਥ ਹੀ ਨਹੀਂ ਚੁੱਕਦੇ ਤੇ ਅਚਾਨਕ ਹਾਰਨਾਂ ਦੀਆਂ ਵੱਖ-ਵੱਖ ਆਵਾਜ਼ਾਂ ਨਾਲ ਵਾਤਾਵਰਨ ਵਿਚ ਅਜੀਬ ਕਿਸਮ ਦਾ ਮਾਹੌਲ ਬਣ ਜਾਂਦਾ ਹੈ। ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ 'ਤੇ ਲੱਗੇ ਹੂਟਰ ਤੇ ਵੱਖ-ਵੱਖ ਕਿਸਮਾਂ ਦੇ ਸਾਈਕਲਾਂ 'ਤੇ ਲੱਗੇ ਹਾਰਨਾਂ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਬਣ ਜਾਂਦੀ ਹੈ। ਸਥਾਨਕ ਲੋਕਾਂ ਨੇ ਕਈ ਵਾਰ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉੱਚੀ ਅਵਾਜ਼ ਹਾਰਨ ਵਜਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪਰ ਨਾ ਤਾਂ ਪੁਲਸ ਅਤੇ ਨਾ ਹੀ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਰਿਹਾ ਹੈ।