ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ’ਚ ਕੀਤੀ ਸ਼ਮੂਲੀਅਤ
77ਵੇਂ ਗਣਤੰਤਰ ਦਿਵਸ ਨੂੰ ਲੈ ਕੇ ਸਰਦੂਲਗੜ੍ਹ ਦੇ
Publish Date: Wed, 28 Jan 2026 07:10 PM (IST)
Updated Date: Thu, 29 Jan 2026 04:08 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : 77ਵੇਂ ਗਣਤੰਤਰ ਦਿਵਸ ਨੂੰ ਲੈ ਕੇ ਸਰਦੂਲਗੜ੍ਹ ਦੇ ਹਰਮਨ ਸਿੰਘ ਨੇ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਸੂਬੇ ਦੀ ਝਾਕੀ ਵਿੱਚ ਸ਼ਾਮਲ ਹੋ ਕੇ ਜਿੱਥੇ ਸੂਬੇ ਦਾ ਨਾਂ ਰੋਸ਼ਨ ਕੀਤਾ, ਉੱਥੇ ਹੀ ਜ਼ਿਲ੍ਹੇ ਮਾਨਸਾ ਦਾ ਨਾਮ ਵੀ ਚਮਕਾਇਆ। ਇਸ ਸਬੰਧੀ ਹਰਮਨ ਸਿੰਘ ਦੇ ਪਿਤਾ ਰੱਖੀ ਰਾਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਬੇਟਾ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਐੱਮਏ ਦੀ ਪੜ੍ਹਾਈ ਕਰ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਐੱਨਐੱਸਐੱਸ ਵਿੱਚ ਵੀ ਭਾਗ ਲੈਣ ਕਾਰਨ ਹਰਮਨ ਸਿੰਘ ਨੂੰ ਦਿੱਲੀ ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਵਿੱਚ ਪੰਜਾਬ ਦੀ ਝਾਕੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਦਿੱਲੀ ਵਿਖੇ ਪੰਜਾਬ ਸੂਬੇ ਦੀ ਝਾਕੀ ਵਿੱਚ ਕੀਤੀ ਸ਼ਮੂਲੀਅਤ ਨੂੰ ਲੈ ਕੇ ਜਿੱਥੇ ਮਾਪਿਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਸਰਦੂਲਗੜ੍ਹ ਇਲਾਕੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਲੋਕਾਂ ਵੱਲੋਂ ਹਰਮਨ ਸਿੰਘ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪਰਿਆਸ ਕਲੱਬ ਦੇ ਮੈਂਬਰਾਂ ਨੇ ਹਰਮਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਦੂਲਗੜ੍ਹ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਗਰੀਬ ਪਰਿਵਾਰ ਦਾ ਬੱਚਾ ਰਾਜਧਾਨੀ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਪੰਜਾਬ ਦੀ ਝਾਕੀ ਦਾ ਹਿੱਸਾ ਬਣਿਆ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਦੇਖ ਕੇ ਹੋਰ ਬੱਚੇ ਵੀ ਸੂਬੇ ਦਾ ਨਾਂ ਰੋਸ਼ਨ ਕਰਨ ਲਈ ਅੱਗੇ ਆਉਣ।