ਗੁਰੂ ਨਾਨਕ ਕਾਲਜ ਬੁਢਲਾਡਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਸਿਰਜਣਾ ਅਤੇ ਸੰਵਾਦ ਤਹਿਤ ਕਹਾਣੀਕਾਰ ਦਰਸ਼ਨ ਜੋਗਾ ਅਤੇ ਨਿਰੰਜਣ ਬੋਹਾ ਦੀਆਂ ਕਹਾਣੀਆਂ ਉੱਪਰ ਹਫ਼ਤਾਵਾਰੀ ਗੋਸ਼ਟੀ ਕਰਵਾਈ ਗਈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜੀ ਆਇਆਂ ਨੂੰ ਕਿਹਾ। ਇਸ ਗੋਸਟੀ ਦੇ ਕੋਆਰਡੀਨੇਟਰ ਉੱਘੇ ਗਲਪਕਾਰ ਕਿਰਪਾਕ ਕਜ਼ਾਕ ਨੇ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਦੇ ਨਾਮਵਰ ਕਹਾਣੀਕਾਰਾਂ ਨਾਲ ਸੰਵਾਦ ਰਚਾਇਆ ਜਾਣਾ ਹੈ। ਸਾਡਾ ਉਦੇਸ਼ ਪੰਜਾਬੀ ਵਿਚ ਲਿਖੀ ਜਾ ਰਹੀ ਕਹਾਣੀ ਸਬੰਧੀ ਲੰਮੇ ਸਮੇਂ ਤੋਂ ਬੰਦ ਪਈ ਸੰਵਾਦ ਦੀ ਪਰੰਪਰਾ ਨੂੰ ਅਗਾਂਹ ਤੋਰਨਾ ਹੈ। ਅਸੀਂ ਸਿਰਜਣਾ ਅਤੇ ਸੰਵਾਦ ਜ਼ਰੀਏ ਲੇਖਕ ਲਿਖਦਾ ਕਿਉਂ ਹੈ? ਉਸਨੂੰ ਕਹਾਣੀ ਲਿਖਣ ਸਮੇਂ ਦਿੱਕਤਾਂ ਕਿੱਥੇ ਕਿੱਥੇ ਆਉਂਦੀਆਂ ਹਨ? ਉਹ ਆਪਣੇ ਪਾਤਰਾਂ ਨੂੰ ਕਹਾਣੀ ਵਿਚ ਕਿਸ ਤਰ੍ਹਾਂ ਸਿਰਜਣਾ ਹੈ? ਉਸ ਕਹਾਣੀ ਬਾਰੇ ਪਾਠਕਾਂ ਕਿਸ ਤਰ੍ਹਾਂ ਸੋਚਦਾ ਹੈ? ਬਾਰੇ ਨਿੱਠ ਕੇ ਗੱਲ ਕਰਨੀ ਹੈ।
ਕਹਾਣੀਕਾਰ ਦਰਸ਼ਨ ਜੋਗਾ ਨੇ ਆਪਣੀਆਂ ਕਹਾਣੀਆਂ ਅਤੇ ਵਿਸ਼ੇਸ਼ ਤੌਰ ਤੇ ਆਪਣੀ ਕਹਾਣੀ ਛਲ ਸਬੰਧੀ ਬੋਲਦਿਆਂ ਕਿਹਾ ਕਿ ਮੈਂ ਆਪਣੇ ਪਿੰਡਾਂ ਵਿਚੋਂ ਪਾਤਰ ਲੈ ਕੇ ਉਨ੍ਹਾਂ ਦੀ ਮਿੱਟੀ ਗੁੰਨ ਕੇ ਲਿਖਦਾ ਹਾਂ ਅਤੇ ਇਸ ਕਹਾਣੀ ਵਿਚ ਆਇਆ ਮੇਰਾ ਪਾਤਰ ਤਾਰਾ ਮੈਂ ਪਿੰਡ ਦੇ ਤਿੰਨ ਪਾਤਰਾਂ ਨੂੰ ਲੈ ਕੇ ਸਿਰਜਿਆ ਹੈ। ਮੇਰਾ ਆਦਰਸ਼ ਗਲਪਕਾਰ ਰਾਮ ਸਰੂਪ ਅਣਖੀ ਹੈ। ਕਹਾਣੀਕਾਰ ਨਿਰੰਜਣ ਬੋਹਾ ਨੇ ਆਪਣੀ ਕਹਾਣੀ ਆਪਣਾ ਹੀ ਪਰਛਾਵਾਂ ਦੇ ਮੁੱਖ ਪਾਤਰ ਦੀ ਵਿਥਿਆ ਦੱਸੀ ਕਿ ਉਸ ਪਾਤਰ ਰਾਹੀਂ ਮੈਂ ਆਪਣਾ ਬਚਪਨ ਅਤੇ ਜਵਾਨੀ ਦਾ ਸਮਾਂ ਪੇਸ਼ ਕੀਤਾ ਹੈ। ਮੈਂ ਪਾਤਰ ਦੇ ਅਵਚੇਤਨ ਮਨ ਤੱਕ ਜਾਣ ਲਈ ਪਾਤਰਾਂ ਨਾਲ ਗੱਲ ਕਰਦਾ ਹਾਂ। ਮੇਰਾ ਆਦਰਸ਼ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਹੈ। ਗੁਰਦੀਪ ਸਿੰਘ, ਸ੍ਰੀ ਜਗਦੀਸ਼ ਰਾਏ ਕੁਲਰੀਆਂ ਅਤੇ ਕੁਲਦੀਪ ਚੌਹਾਨ ਵੱਲੋਂ ਕਹਾਣੀ ਦੇ ਪਾਤਰਾਂ, ਸਿਰਜਣ ਪ੍ਰਕਿਰਿਆ, ਕਹਾਣੀ ਵਿਚ ਪਏ ਦਵੰਦਾਂ ਸਬੰਧੀ ਪੁੱਛੇ ਸਵਾਲਾਂ ਦੇ ਉੱਤਰ ਦਿੰਦਿਆਂ ਦੋਵਾਂ ਕਹਾਣੀਕਾਰਾਂ ਨੇ ਆਪਣੀ ਕਹਾਣੀ ਦੇ ਹਵਾਲੇ ਨਾਲ ਜਵਾਬ ਦਿੱਤੇ।
ਇਸ ਗੋਸ਼ਟੀ ਵਿਚ ਤਸੱਲੀ ਦੀ ਗੱਲ ਇਹ ਰਹੀ ਕਿ ਗੋਸ਼ਟੀ ਵਿਚ ਹਿੱਸਾ ਲੈ ਰਹੇ ਵਿਦਵਾਨਾਂ ਅਤੇ ਪਾਠਕਾਂ ਵਿਚੋਂ ਉੱਘੇ ਜਰਨਲਿਸਟ ਬਲਵਿੰਦਰ ਸਿੰਘ ਧਾਲੀਵਾਲ, ਐਡਵੋਕੇਟ ਅਤੇ ਸ਼ਾਇਰ ਬਲਵੰਤ ਭਾਟੀਆ, ਸ. ਲਖਵਿੰਦਰ ਸਿੰਘ ਮੂਸਾ, ਨਾਵਲਕਾਰ ਅਜੀਜ ਸਰੋਏ, ਗੁਲਾਬ ਸਿੰਘ, ਭਾਰਤ ਭੂਸਨ, ਰਮਨਦੀਪ ਸਿੰਘ, ਗੁਰਵਿੰਦਰ ਸਿੰਘ, ਡਾ. ਕਰਨੈਲ ਬੈਰਾਗੀ, ਸ. ਦਰਸ਼ਨ ਸਿੰਘ ਬਰੇਟਾ, ਗੁਰਨੈਬ ਸਿੰਘ, ਪ੍ਰੋ. ਸ਼ਮਸ਼ੇਰ ਸਿੰਘ, ਡਾ. ਭਿਵਾਨੀ ਸ਼ੰਕਰ, ਖੁਸ਼ਵੀਰ ਮੱਟੂ, ਜਸਕਰਨ ਸਿੰਘ, ਗਗਨਦੀਪ ਸਿੰਘ ਅਤੇ ਰਵੀ ਸਿੰਘ ਵੱਲੋਂ ਕਹਾਣੀ ਅੰਦਰ ਪਏ ਦਵੰਦਾਂ, ਦਿੱਕਤਾਂ, ਪਾਤਰਾਂ ਦੀ ਮਨੋਦਸਾਂ, ਗਲਪ ਭਾਸ਼ਾ ਅਤੇ ਛਪਣ ਦੀ ਕਾਹਲ ਸਬੰਧੀ ਬੜੇ ਗੰਭੀਰ ਸੁਆਲ ਪੁੱਛੇ। ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਖੋਜ ਅਫਸਰ ਗੁਰਪ੍ਰੀਤ, ਗਲਪਕਾਰ ਬਲਵਿੰਦਰ ਗਰੇਵਾਲ ਅਤੇ ਕਿਰਪਾਲ ਕਜ਼ਾਕ ਨੇ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਾਨੂੰ ਅਜਿਹੇ ਗੰਭੀਰ ਸੰਵਾਦ ਦੀ ਇਸ ਸਮੇਂ ਲੋੜ ਹੈ।
ਇਸ ਮੌਕੇ ਗੁਰਮੇਲ ਕੌਰ ਜੋਸ਼ੀ, ਪ੍ਰੋ. ਸ਼ਰਨਜੀਤ ਸਿੰਘ, ਸੁਖਵਿੰਦਰ ਸੁੱਖੀ ਭੀਖੀ, ਸੰਦੀਪ ਸਿੱਧੂ, ਵੱਖ ਵੱਖ ਅਦਾਰਿਆਂ ਦੇ ਪ੍ਰਬੰਧਕ ਹਾਜ਼ਰ ਸਨ। ਗੋਸ਼ਟੀ ਦਾ ਸਮੁੱਚਾ ਸੰਚਾਲਨ ਕੋਆਰਡੀਨੇਟਰ ਕਿਰਪਾਲ ਕਜ਼ਾਕ ਨੇ ਕੀਤਾ। ਵੱਖ ਵੱਖ ਥਾਵਾਂ ਤੋਂ ਪਹੁੰਚੀਆਂ ਸ਼ਖਸੀਅਤਾਂ ਨੇ ਕਾਲਜ ਦੇ ਸਮੁੱਚੇ ਪ੍ਰਬੰਧ ਅਤੇ ਵਿਭਾਗਾਂ ਦੀ ਪ੍ਰਾਪਤੀਆਂ ਦੀ ਤਾਰੀਫ ਕੀਤੀ। ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਦਾ ਡਾ. ਰਾਜਨਦੀਪ ਕੌਰ ਮੁਖੀ ਪੰਜਾਬੀ ਵਿਭਾਗ ਅਤੇ ਗੁਰਦੀਪ ਸਿੰਘ, ਕੋਆਰਡੀਨੇਟਰ ਯੁਵਕ ਭਲਾਈ ਵਿਭਾਗ ਵੱਲੋਂ ਧੰਨਵਾਦ ਕੀਤਾ ਗਿਆ।