ਬੁੱਕ ਕਰਵਾਉਣ ਦੇ ਬਾਵਜੂਦ ਸਮੇਂ ਸਿਰ ਨਹੀਂ ਮਿਲ ਰਹੇ ਸਿਲੰਡਰ
ਸਰਦੂਲਗੜ੍ਹ ਵਿੱਚ ਗੈਸ ਖਪਤਕਾਰਾਂ ਨੂੰ ਗੈਸ
Publish Date: Wed, 18 Mar 2026 07:08 PM (IST)
Updated Date: Thu, 19 Mar 2026 04:08 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਗੈਸ ਖਪਤਕਾਰਾਂ ਨੂੰ ਗੈਸ ਸਿਲੰਡਰ ਲੈਣ ਲਈ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸਿਲੰਡਰ ਬੁੱਕ ਕਰਵਾਉਣ ਦੇ ਬਾਵਜੂਦ ਪੰਜ-ਛੇ ਦਿਨ ਤੱਕ ਸਿਲੰਡਰ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਖਾਣਾ ਬਣਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੂਲਗੜ੍ਹ ਦੇ ਵਾਰਡ-4 ਦੇ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੇ 13 ਮਾਰਚ ਨੂੰ ਆਪਣਾ ਸਿਲੰਡਰ ਸਰਦੂਲਗੜ੍ਹ ਗੈਸ ਏਜੰਸੀ ’ਚ ਬੁੱਕ ਕਰਵਾਇਆ ਸੀ, ਪਰ ਹਾਲੇ ਤਕ ਉਸ ਨੂੰ ਸਿਲੰਡਰ ਨਹੀਂ ਮਿਲਿਆ। ਵਾਰ ਵਾਰ ਏਜੰਸੀ ਦੇ ਗੇੜੇ ਕੱਟ ਰਹੇ ਜਸਵੰਤ ਸਿੰਘ ਨੇ ਦੱਸਿਆ ਕਿ ਹਰ ਵਾਰ ਏਜੰਸੀ ਵਾਲੇ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਕੱਲ੍ਹ ਨੂੰ ਮਿਲੇਗਾ ਸਿਲੰਡਰ ਪਰ ਉਹ ਕੱਲ੍ਹ ਕਦੋਂ ਆਵੇਗੀ ਸਮਝ ਤੋਂ ਬਾਹਰ ਹੈ। ਜਸਵੰਤ ਸਿੰਘ ਨੇ ਕਿਹਾ ਕਿ ਉੱਪਰੋਂ ਮੌਸਮ ਖ਼ਰਾਬ ਹੋਣ ਕਾਰਨ ਬਾਲਣ ਵੀ ਗਿੱਲਾ ਹੋ ਚੁੱਕਿਆ ਹੈ ਤੇ ਰਸੋਈ ਵਿੱਚ ਸਿਲੰਡਰ ਵੀ ਪਿਛਲੇ ਕਈ ਦਿਨਾਂ ਤੋਂ ਖ਼ਤਮ ਹੈ। ਇਸ ਕਾਰਨ ਉਸ ਦੇ ਪਰਿਵਾਰ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਸ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਅਤੇ ਗੈਸ ਏਜੰਸੀਆਂ ਵਾਧੂ ਗੈਸ ਦੇ ਦਾਅਵੇ ਕਰ ਰਹੀਆਂ ਹਨ।
ਦੂਜੇ ਪਾਸੇ ਬੁਕ ਕਰਵਾਉਣ ਦੇ ਬਾਵਜੂਦ ਵੀ ਲਗਾਤਾਰ ਪੰਜ ਛੇ ਦਿਨ ਤੱਕ ਸਿਲੰਡਰ ਨਹੀਂ ਦਿੱਤਾ ਜਾ ਰਿਹਾ। ਜਸਵੰਤ ਸਿੰਘ ਨੇ ਗੈਸ ਏਜੰਸੀ ਵਾਲਿਆਂ ’ਤੇ ਦੋਸ਼ ਲਾਇਆ ਕਿ ਕਿਸੇ ਨੂੰ ਤਾਂ ਬੁੱਕ ਕਰਵਾਉਣ ਦੇ ਅਗਲੇ ਦਿਨ ਹੀ ਸਿਲੰਡਰ ਦੇ ਦਿੱਤਾ ਜਾਂਦਾ ਹੈ ਅਤੇ ਕਿਸੇ ਨੂੰ ਪੰਜ ਛੇ ਦਿਨ ਤੱਕ ਲਟਕਾਇਆ ਜਾ ਰਿਹਾ ਹੈ। ਏਜੰਸੀ ਮਾਲਕਾਂ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਏਜੰਸੀ ਦੇ ਮਾਲਕ ਚਰਨ ਦਾਸ ਰਾਜੂ ਅਰੋੜਾ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਸਥਾਨਕ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮੁਨੀਸ਼ ਕੁਮਾਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਏਜੰਸੀ ਮਾਲਕਾਂ ਦਾ ਕਹਿਣਾ ਹੈ ਕਿ ਬੁਕਿੰਗ ਜਿਆਦਾ ਹੋਣ ਕਾਰਨ ਸਲੰਡਰਾਂ ਦੀ ਵੰਡ ਵਿੱਚ ਦੇਰੀ ਹੋ ਰਹੀ ਹੈ ਜਦੋਂ ਇੰਸਪੈਕਟਰ ਸਾਹਿਬ ਨੂੰ ਪੁੱਛਿਆ ਗਿਆ ਕਿ ਕੁਝ ਵਿਅਕਤੀਆਂ ਨੂੰ ਤਾਂ ਬੁੱਕ ਕਰਵਾਉਣ ਦੇ ਅਗਲੇ ਦਿਨ ਹੀ ਸਿਲੰਡਰ ਦੇ ਦਿੱਤਾ ਜਾਂਦਾ ਹੈ ਤੇ ਕੁਝ ਨੂੰ ਪੰਜ ਛੇ ਦਿਨ ਤੱਕ ਲਟਕਾਇਆ ਜਾ ਰਿਹਾ ਹੈ ਇਸ ਦਾ ਕੀ ਕਾਰਨ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ, ਜੇਕਰ ਕੋਈ ਕਮੀ ਪਾਈ ਗਈ ਤਾਂ ਏਜੰਸੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।