ਮੰਡੀਆਂ ’ਚ ਪੂਰੇ ਪ੍ਰਬੰਧ ਨਾ ਹੋਣ ’ਤੇ ਕਿਸਾਨਾਂ ’ਚ ਰੋਸ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ
Publish Date: Sun, 12 Apr 2026 06:11 PM (IST)
Updated Date: Mon, 13 Apr 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਿਸਾਨਾਂ ਵੱਲੋਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਲਿਆਉਣੀ ਸ਼ੁਰੂ ਕਰ ਦਿੱਤੀ ਹੈ, ਪਰ ਮੰਡੀਆਂ ਵਿੱਚ ਨਾ ਕੋਈ ਖ਼ਰੀਦ ਕਰਨ ਲਈ ਸਰਕਾਰੀ ਅਧਿਕਾਰੀ, ਨਾ ਹੀ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਅੱਜ ਜਦ ਪਿੰਡ ਭੈਣੀ ਬਾਘਾ ਦੀ ਮੰਡੀ ਵਿੱਚ ਦੌਰਾ ਕੀਤਾ ਗਿਆ ਤਾਂ ਪ੍ਰਬੰਧ ਪੂਰ੍ਹੇ ਨਹੀਂ ਸਨ। ਕਿਸਾਨ ਚੇਤ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ 14 ਅਪ੍ਰੈਲ ਤੋਂ ਬਾਅਦ ਬੋਲੀ ਦੀ ਸੰਭਾਵਨਾ ਹੈ, ਪਰ ਪੱਕਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾ ਹੀ ਬਾਰਦਾਨਾ ਆਇਆ ਹੈ ਅਤੇ ਇਕ ਦੋ ਆੜ੍ਹਤੀਆਂ ਨੂੰ ਛੱਡ ਨਾ ਕੋਈ ਆੜ੍ਹਤੀਏ ਮੰਡੀਆਂ ‘ਚ ਆਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਜਦ ਦੇ ਖੇਤਾਂ ‘ਚ ਕਣਕ ਦੀ ਫ਼ਸਲ, ਬੱਲੀਆਂ ਕੱਢਣ ਤੋ ਲੈ ਕੇ ਵਾਢੀ ਤੱਕ ਮੌਸਮ ਖ਼ਰਾਬ ਚੱਲ ਰਿਹਾ ਹੈ। ਕਿਸਾਨ ਖੇਤਾਂ ‘ਚੋਂ ਕਣਕ ਵੱਢ ਕੇ ਮੰਡੀਆਂ ‘ਚ ਲਿਆ ਰਿਹਾ ਹੈ, ਪਰ ਦੂਜੇ ਪਾਸੇ ਬੋਲੀ ਲਗਾਉਣ ਲਈ ਕੋਈ ਅਧਿਕਾਰੀ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਕਿਸਾਨਾਂ ਦੀ ਫ਼ਸਲ ਵੱਲ ਧਿਆਨ ਦੇਵੇ।