ਦਿਵਿਆਂਗਾਂ ਦੇ ਨਾਂ ’ਤੇ ਜਾਰੀ ਉਪਕਰਨ ਮਿਲ ਰਹੇ ਹੋਰਨਾਂ ਨੂੰ
ਸਰਦੂਲਗੜ੍ਹ ਵਿਖੇ ਰੁਦਰਾ ਆਸਰਾ ਕਲੱਬ ਬਠਿੰਡਾ
Publish Date: Tue, 20 Jan 2026 07:05 PM (IST)
Updated Date: Wed, 21 Jan 2026 04:15 AM (IST)

-ਲਾਭਪਾਤਰੀ ਲੋਕ ਕੈਂਪਾਂ ’ਚ ਹੋ ਰਹੇ ਹਨ ਖੱਜਲ ਖੁਆਰ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਰੁਦਰਾ ਆਸਰਾ ਕਲੱਬ ਬਠਿੰਡਾ ਨੇ ਪਰਿਆਸ ਵੈਲਫ਼ੇਅਰ ਕਲੱਬ ਸਰਦੂਲਗੜ੍ਹ ਦੇ ਸਹਿਯੋਗ ਨਾਲ ਦਿਵਿਆਂਗਾਂ ਲਈ ਸਹਾਇਕ ਉਪਕਰਨ ਵੰਡ ਅਸੈਸਮੈਂਟ ਕੈਂਪ ਲਗਾਇਆ। ਕੈਂਪ ਦੌਰਾਨ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੰਗਹੀਣ ਪਹੁੰਚੇ, ਉੱਥੇ ਹੀ ਗੁਆਂਢੀ ਰਾਜ ਹਰਿਆਣੇ ਤੋਂ ਵੀ ਅੰਗਹੀਣ ਉਪਕਰਨਾਂ ਲਈ ਅਸੈਸਮੈਂਟ ਕਰਵਾਉਣ ਵਾਸਤੇ ਪਹੁੰਚੇ ਹੋਏ ਸਨ। ਇਸ ਮੌਕੇ ਦਿਵਿਆਂਗਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਇੱਥੇ ਆ ਕੇ ਉਨ੍ਹਾਂ ਨੇ ਆਪਣੇ ਨਾਂ ਦੱਸੇ ਤਾਂ ਅਸੈਸਮੈਂਟ ਕਰ ਰਹੇ ਵਿਅਕਤੀ ਨੇ ਦੱਸਿਆ ਕਿ ਤੁਸੀਂ ਤਾਂ ਪਹਿਲਾਂ ਤੋਂ ਹੀ ਸਹਾਇਕ ਉਪਕਰਨ ਲੈ ਚੁੱਕੇ ਹੋ। ਇਸ ਲਈ ਤੁਹਾਨੂੰ ਨਹੀਂ ਮਿਲ ਸਕਦੇ ਪਰ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਕਿਤੋਂ ਕੋਈ ਵੀ ਉਪਕਰਨ ਨਹੀਂ ਮਿਲਿਆ। ਭਾਵੇਂ ਇਸ ਲਈ ਅਸੀਂ ਪਹਿਲਾਂ ਫ਼ਾਰਮ ਜ਼ਰੂਰ ਭਰੇ ਸਨ ਪਰ ਸਾਨੂੰ ਮਿਲਿਆ ਕੁਝ ਵੀ ਨਹੀਂ। ਸਾਨੂੰ ਸ਼ੰਕਾ ਹੈ ਕਿ ਸਾਡੇ ਲਈ ਆਏ ਉਪਕਰਨ ਕਿਸੇ ਹੋਰ ਨੂੰ ਦੇ ਦਿੱਤੇ ਗਏ ਹਨ। ਝੁਨੀਰ ਤੋਂ ਇੱਕ ਬਜ਼ੁਰਗ ਮਾਤਾ ਦੇ ਨਾਲ ਆਈ ਉਨ੍ਹਾਂ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨੂੰ ਕੰਨਾਂ ਤੋਂ ਉਚਾ ਸੁਣਦਾ ਹੈ, ਜਿਸ ਲਈ ਉਨ੍ਹਾਂ ਨੇ ਕੰਨਾਂ ਦੀ ਮਸ਼ੀਨ ਲੈਣ ਲਈ ਫ਼ਾਰਮ ਭਰੇ ਸਨ ਪਰ ਜਦੋਂ ਕੈਂਪ ਵਿੱਚ ਆਏ ਵੀਰ ਨੇ ਉਹਨਾਂ ਦੇ ਫਾਰਮ ਆਉਨਲਾਈਨ ਚੈੱਕ ਕੀਤੇ ਤਾਂ ਵੀਰ ਨੇ ਉਨਾਂ ਦੱਸਿਆ ਕਿ ਤੁਹਾਡੇ ਨਾਂ ’ਤੇ ਤਾਂ ਪਹਿਲਾਂ ਹੀ ਕੰਨਾਂ ਵਾਲੀ ਮਸ਼ੀਨ ਜਾਰੀ ਹੋ ਚੁੱਕੀ ਹੈ। ਇਸ ਲਈ ਤੁਸੀਂ ਚੰਡੀਗੜ੍ਹ ਫ਼ਾਰਮ ਭਰ ਕੇ ਦਿੱਤੇ ਸਨ ਪਰ ਲੜਕੀ ਨੇ ਦੱਸਿਆ ਕਿ ਉਹ ਕਦੇ ਵੀ ਚੰਡੀਗੜ੍ਹ ਨਹੀਂ ਗਏ। ਪਿੰਡ ਵਿਚ ਇਕ ਵਾਰ ਕੁੱਝ ਵਿਅਕਤੀ ਵੱਲੋਂ ਘਰੇ ਆ ਕੇ ਫ਼ਾਰਮ ਭਰ ਕੇ ਲੈ ਗਏ ਸਨ ਕਿ ਤੁਹਾਨੂੰ ਸੁਣਨ ਵਾਲੀ ਮਸ਼ੀਨ ਦਿੱਤੀ ਜਾਵੇਗੀ ਪਰ ਹਾਲੇ ਤੱਕ ਮਿਲਿਆ ਕੁਝ ਵੀ ਨਹੀਂ। ਇਸੇ ਤਰ੍ਹਾਂ ਹੀ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਤੋਂ ਆਏ ਇਕ ਪੂਰ੍ਹੀ ਤਰ੍ਹਾਂ ਅਪਾਹਿਜ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਕੁਝ ਸਮਾਂ ਪਹਿਲਾਂ ਪਿੰਡ ਦੇ ਹੀ ਸਰਪੰਚ ਵੱਲੋਂ ਉਸਦੇ ਫ਼ਾਰਮ ਭਰੇ ਗਏ ਸਨ ਤੇ ਕਿਹਾ ਗਿਆ ਸੀ ਕਿ ਤੈਨੂੰ ਬਿਜਲੀ ਵਾਲਾ ਰਿਕਸ਼ਾ ਲੈ ਕੇ ਦਿੱਤਾ ਜਾਵੇਗਾ। ਪਰ ਹਾਲੇ ਤੱਕ ਉਸ ਨੂੰ ਵੀ ਕੁਝ ਨਹੀਂ ਮਿਲਿਆ। ਅੱਜ ਜਦੋਂ ਉਹ ਇੱਥੇ ਕੈਂਪ ਵਿੱਚ ਫ਼ਾਰਮ ਭਰਨ ਲਈ ਆਇਆ ਤਾਂ ਫਾਰਮ ਚੈੱਕ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਤੁਸੀਂ ਤਾਂ ਪਹਿਲਾਂ ਤੋਂ ਹੀ ਇਲੈਕਟ੍ਰਿਕ ਰਿਕਸ਼ਾ ਦੀ ਵਰਤੋਂ ਕਰ ਰਹੇ ਹੋ ਪਰ ਮੈਨੂੰ ਹਾਲੇ ਤੱਕ ਕਦੇ ਕੁਝ ਵੀ ਨਹੀਂ ਮਿਲਿਆ। ਜਦ ਉਨ੍ਹਾਂ ਨੇ ਇਸ ਸਬੰਧੀ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਆਨਲਾਈਨ ਚੈੱਕ ਕਰਨ ਤੇ ਪਤਾ ਚੱਲਿਆ ਹੈ ਕਿ ਤੁਹਾਨੂੰ ਉਹ ਮਿਲਿਆ ਹੋਇਆ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਜ਼ਰੂਰਤ ਮੰਦ ਅਪਾਹਿਜ ਵਿਅਕਤੀਆਂ ਨੂੰ ਮਿਲਣ ਵਾਲੇ ਇਹ ਉਪਕਰਨ ਇਨ੍ਹਾਂ ਨੂੰ ਨਾ ਮਿਲ ਕੇ ਹੋਰ ਕਿਸ ਕੋਲ ਕਿਵੇਂ ਚਲੇ ਗਏ। ਉੱਥੇ ਪਹੁੰਚੇ ਅਪਾਹਿਜ ਵਿਅਕਤੀਆਂ ਦੀਆਂ ਗੱਲਾਂ ਸੁਣ ਕੇ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਹੀ ਲੋੜ਼ਵੰਦਾਂ ਨੂੰ ਨਾ ਮਿਲ ਕੇ ਕੋਈ ਹੋਰ ਹੀ ਉਠਾ ਰਿਹਾ ਹੈ। ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ, ਉੱਥੇ ਹੀ ਮੌਜੂਦ ਕੁਝ ਵਿਅਕਤੀਆਂ ਵੱਲੋਂ ਕੈਮਰੇ ਦੇ ਸਾਹਮਣੇ ਨਾ ਆ ਕੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਕੁਝ ਲੋਕ 50 ਹਜ਼ਾਰ ਦੀ ਕੀਮਤ ਵਾਲਾ ਇਹ ਰਿਕਸ਼ਾ 25 ਹਜ਼ਾਰ ਰੁਪਏ ਵਿੱਚ ਅੱਗੇ ਵੇਚ ਦਿੰਦੇ ਹਨ। ਇਸ ਮੌਕੇ ਬਠਿੰਡਾ ਤੋਂ ਰੁਦਰਾ ਆਸਰਾ ਕਲੱਬ ਤੋਂ ਆਏ ਟੀਮ ਮੈਂਬਰ ਨੇ ਦੱਸਿਆ ਕਿ ਅੱਜ ਦਾ ਅਸੈਸਮੈਂਟ ਕੈਂਪ ਸਰਦੂਲਗੜ੍ਹ ਪਰਿਆਸ ਕਲੱਬ ਦੇ ਸਹਿਯੋਗ ਨਾਲ ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਦੇਣ ਲਈ ਲਗਾਇਆ ਗਿਆ ਹੈ। ਅੱਜ ਸਿਰਫ਼ ਫਾਰਮ ਭਰੇ ਜਾ ਰਹੇ ਹਨ ਉਪਕਰਨ ਕੁਝ ਦਿਨਾਂ ਬਾਅਦ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੂੰ ਕਿਹਾ ਕਿ ਕਈ ਵਾਰ ਸਬੰਧਤ ਵਿਅਕਤੀ ਦਾ ਉਪਕਰਨ ਆ ਜਾਂਦਾ ਹੈ ਪਰ ਉਹ ਕਾਫ਼ੀ ਦੇਰ ਤੱਕ ਲੈਣ ਨਹੀਂ ਆਉਂਦਾ ਤਾਂ ਉਸ ਉਪਕਰਨ ਨੂੰ ਕਿਸੇ ਹੋਰ ਜਰੂਰਤਮੰਦ ਨੂੰ ਅੱਗੇ ਦੇ ਦਿੱਤਾ ਜਾਂਦਾ ਹੈ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਅਪਾਹਿਜ ਵਿਅਕਤੀ ਨੂੰ ਪਹਿਲਾਂ ਤਾਂ ਅਸੈਸਮੈਂਟ ਲਈ ਕੈਂਪ ਵਿੱਚ ਆਉਣਾ ਪੈਂਦਾ ਹੈ ਅਤੇ ਇੱਥੇ ਕੋਈ ਤਰੀਕ ਵੀ ਨਿਰਧਾਰਿਤ ਨਹੀਂ ਕੀਤੀ ਜਾਂਦੀ, ਜਿਸ ਨਾਲ ਉਸਨੂੰ ਸਹੀ ਸਮੇਂ ਦਾ ਪਤਾ ਲੱਗ ਸਕੇ। ਕਈ ਵਾਰ ਕੁਝ ਗਰੀਬ ਲੋਕਾਂ ਨੂੰ ਉਸ ਦਿਨ ਦੀ ਸਹੀ ਸੂਚਨਾ ਵੀ ਨਹੀਂ ਮਿਲਦੀ, ਜਿਸ ਕਾਰਨ ਉਹ ਸਮੇਂ ਤੇ ਨਹੀਂ ਪਹੁੰਚ ਸਕਦੇ ਪਰ ਇੱਕ ਲੋੜ਼ਵੰਦ ਦਿਵਿਆਂਗ ਵਿਅਕਤੀ ਨੂੰ ਮਿਲਣ ਵਾਲੇ ਉਪਕਰਨ ਅੱਗੇ ਕਿਸੇ ਹੋਰ ਨੂੰ ਦੇ ਦੇਣਾ ਇਹ ਕਿੱਥੋਂ ਤੱਕ ਜਾਇਜ਼ ਹੈ। ਅੱਜ ਦੇ ਇਸ ਕੈਂਪ ਦੇ ਆਰਗੇਨਾਈਜ਼ਰ ਪਰਿਆਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਦਿਵਿਆਂਗਾਂ ਤੇ ਬਜ਼ੁਰਗਾਂ ਲਈ ਸਹਾਇਕ ਉਪਕਰਨਾਂ ਦੀ ਵੰਡ ਦਾ ਅਸੈਸਮੈਂਟ ਕੈਂਪ ਲਾਉਣ ਦੀ ਸੇਵਾ ਉਨ੍ਹਾਂ ਨੂੰ ਮਿਲੀ, ਜਿਸ ਵਿੱਚ ਦੂਰ ਦੁਰਾਡੇ ਤੋਂ ਜਰੂਰਤਮੰਦ ਵਿਅਕਤੀਆਂ ਨੇ ਆਪਣੇ ਫ਼ਾਰਮ ਜਮ੍ਹਾਂ ਕਰਵਾਏ। ਅੱਜ ਦੇ ਇਸ ਕੈਂਪ ਦੌਰਾਨ ਪਹੁੰਚੇ ਹੋਏ ਹਰ ਵਿਅਕਤੀ ਲਈ ਕਲੱਬ ਵੱਲੋਂ ਚਾਹ ਪਾਣੀ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਅੱਜ ਦੇ ਕੈਂਪ ਦੌਰਾਨ ਕੁਝ ਦਿਵਿਆਂਗਾਂ ਵੱਲੋਂ ਦੱਸੀਆਂ ਗੱਲਾਂ ਬਾਰੇ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕਲੱਬ ਵੱਲੋਂ ਇਹ ਪਹਿਲਾ ਕੈਂਪ ਲਾਇਆ ਜਾ ਰਿਹਾ ਹੈ। ਅਸੀਂ ਅਜਿਹਾ ਕੁਝ ਵੀ ਨਹੀਂ ਹੋਣ ਦੇਵਾਂਗੇ। ਹਰ ਜ਼ਰੂਰਤਮੰਦ ਵਿਅਕਤੀ, ਜੋ ਇਸ ਕੈਂਪ ਵਿੱਚ ਪਹੁੰਚਿਆ ਹੈ, ਜਿਸ ਦਾ ਨਾਂ ਸੂਚੀ ’ਚ ਆਉਂਦਾ ਹੈ ਉਸ ਨੂੰ ਹੀ ਉਸ ਦਾ ਉਪਕਰਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ’ਚ ਕੁੱਲ੍ਹ 547 ਅਪਾਹਜ ਤੇ ਬਜ਼ੁਰਗਾਂ ਨੇ ਸ਼ਾਮਲ ਹੋ ਕੇ ਆਪਣੀ ਅਸੈਸਮੈਂਟ ਕਰਵਾਈ ਹੈ।