ਪ੍ਰਾਇਮਰੀ ਸਕੂਲ ਰੰਘੜਿਆਲ ਨੂੰ ਮਿਲਿਆ ਐਵਾਰਡ
ਭਾਰਤ ਸਰਕਾਰ ਵੱਲੋਂ ਹਰ ਸਾਲ ਗਰੀਨ ਸਕੂਲ
Publish Date: Tue, 03 Feb 2026 07:14 PM (IST)
Updated Date: Wed, 04 Feb 2026 04:11 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਭਾਰਤ ਸਰਕਾਰ ਵੱਲੋਂ ਹਰ ਸਾਲ ਗਰੀਨ ਸਕੂਲ ਪ੍ਰੋਗਰਾਮ ਤਹਿਤ ਇਸ ਵਾਰ ਮਾਨਸਾ ਜ਼ਿਲ੍ਹਾ 31 ਗਰੀਨ ਸਕੂਲ ਐਵਾਰਡ ਜਿੱਤ ਕੇ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ 'ਤੇ ਆਇਆ ਹੈ। ਇਸ ’ਚ 11 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, 20 ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਨੇ ਇਹ ਐਵਾਰਡ ਪ੍ਰਾਪਤ ਕੀਤੇ ਹਨ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਦੇ ਹੈੱਡ ਟੀਚਰ ਗੁਰਸੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਬਲਾਕ ਬਰੇਟਾ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਸਿਰਫ਼ ਇੱਕ ਉਨ੍ਹਾਂ ਦਾ ਪ੍ਰਾਇਮਰੀ ਸਕੂਲ ਰੰਘੜਿਆਲ ਹੀ ਹੈ ਜਿਸ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। 30 ਜਨਵਰੀ ਨੂੰ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਮੈਂਟ ਇੰਡੀਆ ਸੁਨੀਤਾ ਨਰੈਣ ਤੇ ਉਨ੍ਹਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਗਰੀਨ ਸਕੂਲ ਪ੍ਰੋਗਰਾਮ ਦੇ ਸਕੂਲ ਕੋਆਰਡੀਨੇਟਰ ਅਧਿਆਪਕ ਜਸਵਿੰਦਰ ਸਿੰਘ ਜਨਕ ਨੇ ਦੱਸਿਆ ਕਿ ਇਹ ਐਵਾਰਡ ਪ੍ਰਾਪਤ ਕਰਨ ਲਈ ਉਹ ਪਿਛਲੇ 7 ਸਾਲ ਤੋਂ ਮਿਹਨਤ ਕਰ ਰਹੇ ਸਨ। ਸਕੂਲ ’ਚ 4 ਸੌ ਤੋਂ ਜ਼ਿਆਦਾ ਵੱਖ ਵੱਖ ਤਰ੍ਹਾਂ ਦੇ ਬੂਟੇ ਜਿਵੇਂ ਮੈਡੀਸਿਨ, ਫੁੱਲਾਂ, ਸਜਾਵਟੀ ਤੇ ਆਕਸੀਜਨ ਵਾਲ਼ੇ ਵੱਡੇ ਰੁੱਖ ਲਾਏ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਪੁੱਤਾਂ ਵਾਂਗ ਪਾਲ਼ੇ ਅਤੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਕੂਲ ਅਧਿਆਪਕ ਨਾਜ਼ਰ ਸਿੰਘ ਬੱਛੋਆਣਾ ਨੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਯਤਨਾਂ ਨੂੰ ਦੇਖ ਕੇ ਭਾਰਤ ਸਰਕਾਰ ਨੇ ਗਰੀਨ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਹੁਣ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਨਗੇ ਤੇ ਸਕੂਲ ਨੂੰ ਹੋਰ ਵੀ ਬੁਲੰਦੀਆਂ ਤੇ ਲੈਕੇ ਜਾਣਗੇ। ਇਸ ਮੌਕੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ, ਮੈਂਬਰ ਜਗਦੀਪ ਸਿੰਘ, ਸਮਾਜ ਸੇਵੀ ਸੁਖਚੈਨ ਸਿੰਘ ਚੈਨੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਸਾਗੂ, ਜਗਤਾਰ ਸਿੰਘ, ਬਲਜਿੰਦਰ ਕੌਰ, ਕਰਮਜੀਤ ਕੌਰ, ਕਿਰਨਪਾਲ ਕੌਰ, ਸਤਵੀਰ ਕੌਰ, ਦੀਪ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੇ ਸਮੁੱਚੇ ਸਟਾਫ ’ਤੇ ਬਹੁਤ ਮਾਣ ਹੈ।