ਸਰਕਾਰ ਤੇ ਖਹਿਰਾ ਔਰਤਾਂ ਕੋਲੋਂ ਮੰਗਣ ਮਾਫ਼ੀ : ਰਘਵੀਰ ਸਿੰਘ
ਔਰਤਾਂ ਦਾ ਅਪਮਾਨ ਕਰਨ ਲਈ ਜੇਕਰ ਕਾਂਗਰਸ
Publish Date: Sat, 14 Mar 2026 06:20 PM (IST)
Updated Date: Sun, 15 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਔਰਤਾਂ ਦਾ ਅਪਮਾਨ ਕਰਨ ਲਈ ਜੇਕਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜ਼ਿੰਮੇਵਾਰ ਹਨ ਤਾਂ ਪੰਜਾਬ ਸਰਕਾਰ ਵੀ ਇਸ ਵਾਸਤੇ ਦੋਸ਼ੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਰਘਵੀਰ ਸਿੰਘ ਵਰਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਔਰਤਾਂ ਪ੍ਰਤੀ ਟਿੱਪਣੀ ਨਿੰਦਣਯੋਗ ਹੈ, ਪਰ ਪੰਜਾਬ ਸਰਕਾਰ ਨੇ ਵੀ ਔਰਤਾਂ ਨਾਲ ਧੋਖਾ ਕੀਤਾ ਹੈ। ‘ਆਪ’ ਨੇ ਚੋਣਾਂ ’ਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ, ਸਰਕਾਰ ਨੇ ਆਪਣੇ ਚਾਰ ਸਾਲ ਇਸ ਤੇ ਚੁੱਪ ਵੱਟੀ ਰੱਖੀ। ਹੁਣ ਜਦੋਂ ਚੋਣਾਂ ਸਿਰ ਤੇ ਆ ਗਈਆਂ ਤੇ ਸਰਕਾਰ ਦਾ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਤਾਂ ਉਸਨੂੰ ਔਰਤਾਂ ਨੂੰ ਹਜ਼ਾਰ ਰੁਪਏ ਦੇਣੇ ਯਾਦ ਆ ਗਏ, ਪਰ ਅਸਲ ਚ ਇਹ ਇੱਕ ਚੋਣਾਂ ਸਟੰਟ ਹੀ ਹੈ। ਪੰਜਾਬ ਸਰਕਾਰ ਔਰਤਾਂ ਨੂੰ ਕੀਤੇ ਵਾਅਦੇ ਅਨੁਸਾਰ ਹੁਣ ਤੱਕ ਬਣਦੇ ਸਾਰੇ ਪੈਸੇ 48 ਹਜ਼ਾਰ ਰੁਪਏ ਦੇਵੇ। ਉਨ੍ਹਾਂ ਕਿਹਾ ਕਿ ਇਹ ਵੀ ਸਰਕਾਰ ਦਾ ਔਰਤਾਂ ਨਾਲ ਕੀਤਾ ਗਿਆ ਧੋਖਾ ਤੇ ਅਪਮਾਣ ਹੈ।ਅਕਾਲੀ ਆਗੂ ਰਘਵੀਰ ਸਿੰਘ ਵਰਨ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਗਏ ਮਜੀਠਾ ਹਲਕੇ ਦੇ ਅਕਾਲੀ ਦਲ ਦੇ ਵਿਧਾਇਕ ਗਨੀਵ ਕੌਰ ਮਜੀਠੀਆ ਨੂੰ ਮੁਸ਼ਕਲ ਨਾਲ ਬੋਲਣ ਲਈ ਵਿਧਾਨ ਸਭਾ ’ਚ ਸਮਾਂ ਦਿੱਤਾ ਗਿਆ ਤੇ ਜਦੋਂ ਉਨ੍ਹਾਂ ਨਿਮਰਤਾ ਨਾਲ ਆਪਣੀ ਤੇ ਸਰਕਾਰ 'ਤੇ ਔਰਤਾਂ ਦੇ ਅਪਮਾਣ ਕਰਨ ਦੀ ਗੱਲ ਰੱਖੀ ਤਾਂ ਉਸਦਾ ਸਰਕਾਰ ਵੱਲੋਂ ਮਜ਼ਾਕ ਉਡਾਇਆ ਗਿਆ। ਕੀ ਇਹ ਔਰਤਾਂ ਦਾ ਅਪਮਾਣ ਨਹੀਂ ਹੈ। ਰਘਵੀਰ ਸਿੰਘ ਵਰਨ ਨੇ ਕਿਹਾ ਕਿ ਔਰਤਾਂ ਦੇ ਅਪਮਾਣ ਲਈ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਦੋਸ਼ੀ ਹੈ, ਇਸ ਕਰਕ ਦੋਵਾਂ ਨੂੰ ਹੀ ਬਿਨ੍ਹਾਂ ਦੇਰੀ ਔਰਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸ ਤਰਾਂ ਔਰਤ ਦਿਵਸ ਦੇ ਸਮਾਗਮ ’ਚ ਔਰਤਾਂ ਪ੍ਰਤੀ ਧੀਆਂ ਭੈਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤੇ ਟਿੱਪਣੀ ਕੀਤੀ, ਕੀ ਇਹ ਔਰਤਾਂ ਦਾ ਅਪਮਾਨ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਔਰਤ ਜਗਜਣਨੀ ਹੈ, ਉਸਦਾ ਇਹੋ ਜਿਹਾ ਅਪਮਾਣ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।