“ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਸਾਇੰਸ ਨਾਲ ਜੁੜੋ” ਵਿਸ਼ੇ ’ਤੇ ਵਰਕਸ਼ਾਪ
ਜੀਆਈਐਮਟੀ ਕਾਲਜ ਬੁਢਲਾਡਾ ਵਿੱਚ
Publish Date: Sun, 15 Feb 2026 07:00 PM (IST)
Updated Date: Mon, 16 Feb 2026 04:12 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਜੀਆਈਐੱਮਟੀ ਕਾਲਜ ਬੁਢਲਾਡਾ ’ਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਿਆਂ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸਾਇੰਸ ਦੀ ਮਹੱਤਤਾ, ਤਰਕਸ਼ੀਲ ਸੋਚ ਅਤੇ ਤੱਥਾਂ ਦੇ ਆਧਾਰ ’ਤੇ ਫ਼ੈਸਲੇ ਲੈਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਵਿਸ਼ੇਸ਼ ਗਿਆਨ ਬੁਲਾਰਿਆਂ ਨੇ ਸਮਾਜ ’ਚ ਫ਼ੈਲ ਰਹੇ ਵਹਿਮਾਂ ਅਤੇ ਗਲਤ ਧਾਰਨਾਵਾਂ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਗਿਆਨਕ ਸੋਚ ਹੀ ਤਰੱਕੀ ਦੀ ਕੁੰਜੀ ਹੈ। ਉਨ੍ਹਾਂ ਰੋਜ਼ਾਨਾ ਜੀਵਨ ’ਚ ਸਾਇੰਸ ਦੀ ਭੂਮਿਕਾ ਅਤੇ ਉਸਦੇ ਲਾਭਾਂ ’ਤੇ ਵੀ ਰੋਸ਼ਨੀ ਪਾਈ। ਕਾਲਜ ਦੇ ਬਾਹਰ ਇੱਕ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਵੀ ਲਗਾਈ। ਇਸ ਵਿੱਚ ਵਿਗਿਆਨ ਨਾਲ ਸਬੰਧਤ ਕਿਤਾਬਾਂ ਅਤੇ ਜਾਣਕਾਰੀ ਭਰਪੂਰ ਸਮੱਗਰੀ ਪ੍ਰਦਰਸ਼ਿਤ ਕੀਤੀ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਨਵੀਂ ਜਾਣਕਾਰੀ ਹਾਸਲ ਕੀਤੀ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ ਤੋਂ ਉੱਪਰ ਉੱਠ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਸਮਾਜ ਦੀ ਤਰੱਕੀ ’ਚ ਆਪਣਾ ਯੋਗਦਾਨ ਪਾ ਸਕਣ। ਪ੍ਰਿੰਸੀਪਲ ਡਾ. ਰੇਖਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਤਰਕਸ਼ੀਲ ਤੇ ਸਚੇਤ ਵਿਚਾਰਧਾਰਾ ਦਾ ਵਿਕਾਸ ਹੁੰਦਾ ਹੈ ਤੇ ਉਹ ਜੀਵਨ ਵਿੱਚ ਸਹੀ ਫ਼ੈਸਲੇ ਲੈਣ ਦੇ ਯੋਗ ਬਣਦੇ ਹਨ। ਅੰਤ ’ਚ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਉਹ ਵਹਿਮਾਂ ਭਰਮਾਂ ਤੋਂ ਦੂਰ ਰਹਿੰਦੇ ਹੋਏ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣਗੇ।