ਧਾਰਮਿਕ ਥਾਂ ’ਤੇ ਜਾਣ ਨਾਲ ਮਿਲਦੈ ਚੰਗਾ ਫ਼ਲ : ਭੁਵਨੇਸ਼ਵਰੀ ਦੇਵੀ
ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ
Publish Date: Fri, 02 Jan 2026 05:38 PM (IST)
Updated Date: Sat, 03 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਮਹੰਤ ਵਿਜੇ ਕਮਲ ਅਤੇ ਪ੍ਰਧਾਨ ਸੁਖਪਾਲ ਬਾਂਸਲ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਦਸੰਬਰ ਦੀ ਰਾਤ ਨੂੰ ਵਿਸ਼ਾਲ ਚੌਂਕੀ ਸ਼੍ਰੀ ਭੁਵਨੇਸ਼ਵਰੀ ਦੇਵੀ ਦੇ ਆਸ਼ਰਮ ਸ਼੍ਰੀ ਗੀਤਾ ਭਵਨ ਕੱਟੜਾ ਵਿਖੇ ਲਗਾਈ ਗਈ। ਇਸ ਚੌਂਕੀ ਸਮੇਂ ਮਾਤਾ ਜੀ ਦਾ ਗੁਣਗਾਨ ਕਰਦਿਆਂ ਭਜਨ ਗਾਇਕਾ ਸੁਨੇਹਾ ਸੋਨੀ ਨੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੰਡਲ ਦੇ ਮੈਂਬਰਾਂ ਪ੍ਰਵੀਨ ਟੋਨੀ ਸ਼ਰਮਾ ਅਤੇ ਕੇਸੀ ਸ਼ਰਮਾ ਵਲੋਂ ਬੋਲੇ ਗਏ ਭਜਨ ਵਿਅਕਤੀ ਨੂੰ ਸਿੱਧਾ ਪਰਮਾਤਮਾ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ। ਮੰਡਲ ਦੇ ਮੈਂਬਰ ਰਵੀ ਅਰੋੜਾ ਵਲੋਂ ਗੀਤਾ ਭਵਨ ਦੇ ਕੋਨੇ-ਕੋਨੇ ਨੂੰ ਬੜੀ ਹੀ ਸ਼ਰਧਾ ਨਾਲ ਸਜਾਵਟ ਕਰਕੇ ਇੱਕ ਵੱਖਰੀ ਦਿੱਖ ਦਿੱਤੀ ਗਈ। ਹਰੇਕ ਆਉਣ ਜਾਣ ਵਾਲੇ ਸ਼ਰਧਾਲੂ ਵੱਲੋਂ ਇਸ ਅਦਭੁਤ ਸਜਾਵਟ ਨੂੰ ਕੈਮਰੇ ਨਾਲ ਕੈਪਚਰ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਵਾਮੀ ਭੁਵਨੇਸ਼ਵਰੀ ਦੇਵੀ ਨੇ ਕਿਹਾ ਕਿ ਇਸ ਤਰ੍ਹਾਂ ਮਾਤਾ ਦੇ ਦਰਬਾਰ ਤੇ ਆ ਚੌਂਕੀ ਲਗਾਉਣਾ ਤੇ ਇੱਥੇ ਆ ਕੇ ਮਾਤਾ ਦੇ ਦਰਸ਼ਨ ਕਰਨਾ ਤੁਹਾਡੇ ਪਿਛਲੇ ਜਨਮਾਂ ’ਚ ਕੀਤੇ ਚੰਗੇ ਕਰਮਾਂ ਦਾ ਫ਼ਲ ਹੈ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਦੀ ਬਖ਼ਸ਼ੀਸ਼ ਹੈ ਕਿ ਪ੍ਰਵੀਨ ਟੋਨੀ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਨਵੇਂ ਮੈਂਬਰ ਆ ਕੇ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਨਵੇਂ ਸਾਲ ’ਚ ਪ੍ਰਵੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਉਮਰ ਲਈ ਮੰਡਲ ਦੇ ਮੈਂਬਰ ਜਦੋਂ ਚਾਹੁਣ ਇਸ ਸਥਾਨ ’ਤੇ ਆ ਕੇ ਚੌਂਕੀ ਲਗਾਉਣ ਅਤੇ ਇੰਨ੍ਹਾਂ ਮੈਂਬਰਾਂ ਦੀ ਉਮਰ 100 ਸਾਲ ਤੋਂ ਵੀ ਵੱਧ ਹੋਵੇ। ਅਜਿਹੀ ਉਹ ਅਰਦਾਸ ਕਰਦੇ ਹਨ। ਮੰਡਲ ਦੇ ਮੈਂਬਰ ਜੀਵਨ ਜੁਗਨੀ ਜੋ ਕਿ ਬੱਸ ਦੇ ਡਰਾਈਵਰ ਨਾਲ ਹੀ ਸਫ਼ਰ ਕਰਕੇ ਸ਼ਰਧਾਲੂਆਂ ਦੀ ਹਰੇਕ ਜ਼ਰੂਰਤ ਦਾ ਖ਼ਾਸ ਖਿਆਲ ਰੱਖਦੇ ਹਨ ਨੇ ਵੀ ਬਾਕਮਾਲ ਭਜਨ ਬੋਲ ਕੇ ਭਗਤਾਂ ਨੂੰ ਨੱਚਣ ਲਗਾ ਦਿੱਤਾ। ਇਸ ਸਥਾਨ ’ਤੇ ਪਿਛਲੇ ਬਾਰਾਂ ਸਾਲਾਂ ਤੋਂ ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ। ਇਸ ਵਿੱਚ ਮੰਡਲ ਦੇ ਮੈਂਬਰਾਂ ਵਲੋਂ ਵੀ ਸੇਵਾ ਨਿਭਾਈ ਗਈ। ਇਸ ਮੌਕੇ ਮੁਕੇਸ਼ ਬਾਂਸਲ, ਅਨਿਲ ਸਿੰਗਲਾ, ਸੰਦੀਪ ਕੁਮਾਰ, ਗੋਰਵ ਬਜਾਜ, ਹੈਪੀ ਸਾਊਂਡ, ਵਿਸ਼ਾਲ ਵਿੱਕੀ, ਬੰਟੀ ਕੁਮਾਰ, ਮੋਹਨ ਸੋਨੀ, ਪ੍ਰਦੀਪ ਸੋਨੀ, ਮਨੋਜ ਅਰੋੜਾ, ਸੱਤਪਾਲ ਅਰੋੜਾ ਸਮੇਤ 60 ਸ਼ਰਧਾਲੂ ਨਤਮਸਤਕ ਹੋਏ।