- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰੇਕ ਨਾਗਰਿਕ

ਚਤਰ ਸਿੰਘ, ਪੰਜਾਬੀ ਜਾਗਰਣ
ਬੁਢਲਾਡਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਧੀਆਂ ਨੂੰ ਭਵਿੱਖ ਵਿੱਚ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਉਣ ਲਈ ਐੱਚਪੀਵੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐੱਸਐੱਮਓ ਡਾ. ਸਰਬਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਉਨ੍ਹਾਂ 14 ਸਾਲ ਦੀਆਂ ਬੱਚੀਆਂ ਨੂੰ ਮੁਫ਼ਤ ਲਾਈ ਜਾਵੇਗੀ। ਇਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਿਆ ਹੈ ਅਤੇ 15ਵਾਂ ਜਨਮ ਦਿਨ ਆਉਣਾ ਹੈ। ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਿਤ ਹੈ। ਇਹ ਟੀਕੇ ਸਬ ਡਵੀਜ਼ਨ ਬੁਢਲਾਡਾ ਦੇ 3 ਸਰਕਾਰੀ ਹਸਪਤਾਲਾਂ ’ਚ ਮੁਫ਼ਤ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਗੰਭੀਰ ਕੈਂਸਰ ਦਾ ਮੁੱਖ ਕਾਰਨ ਐੱਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਹੁੰਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਐੱਚਪੀਵੀ ਟੀਕਾਕਰਨ ਬਹੁਤ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਦੇ 160 ਦੇਸ਼ਾਂ ਵਿੱਚ ਇਹ ਵੈਕਸੀਨ ਲੱਗ ਚੁੱਕੀ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹੁਣ ਇਹ ਸਾਰੇ ਪੰਜਾਬ ਭਰ ਵਿੱਚ ਲਾਈ ਜਾ ਰਹੀ ਹੈ। ਸਰਵਾਈਕਲ ਕੈਂਸਰ ਤੋਂ ਬਚਾਅ ਲਈ ਇਹ ਟੀਕਾ ਬਿਲਕੁਲ ਮੁਫ਼ਤ ਲਾਇਆ ਜਾਂਦਾ ਹੈ, ਜਦਕਿ ਬਾਜ਼ਾਰ ਵਿੱਚ ਇਸ ਦੀ ਇੱਕ ਡੋਜ਼ ਦੀ ਕੀਮਤ ਲਗਭਗ 4 ਹਜ਼ਾਰ ਰੁਪਏ ਹੈ। ਉਨ੍ਹਾਂ ਮਾਪਿਆਂ ਨੂੰ ਇਸ ਟੀਕੇ ਦੇ ਮਾੜੇ ਅਸਰ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਸਲਾਹ ਦਿੰਦਿਆਂ ਆਪਣੇ ਬੱਚੀ ਦੇ ਸੁਰੱਖਿਅਤ ਭਵਿੱਖ ਲਈ ਅੱਜ ਹੀ ਉਸ ਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਜਾਂ ਸਕੂਲਾਂ ਵੱਲੋਂ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਪੋਰਟਲ ’ਤੇ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਟੀਕਾ ਲਗਵਾਉਣ ਦਾ ਸਾਮਾਨ ਆਨਲਾਈਨ ਹੀ ਦੇ ਦਿੱਤਾ ਜਾਵੇਗਾ ਅਤੇ ਮਿੱਥੇ ਸਮੇਂ ਅਨੁਸਾਰ ਸਬੰਧਿਤ ਸਰਕਾਰੀ ਹਸਪਤਾਲ ਜਾ ਕੇ ਉਨ੍ਹਾਂ ਵੱਲੋਂ ਟੀਕਾਕਰਨ ਕਰਵਾਇਆ ਜਾ ਸਕਦਾ ਹੈ। ਡਾ. ਸਰਬਜੀਤ ਸਿੰਘ ਨੇ ਨਿਰਦੇਸ਼ ਦਿੱਤੇ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਹਰਬੰਸ ਮੱਤੀ ਬਲਾਕ ਐਜੂਕੇਟਰ ਨੇ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ਘਰ ਤੋਂ ਖਾਣਾ ਖਾ ਕੇ ਚੱਲੋ। ਕਦੇ ਵੀ ਟੀਕਾ ਭੁੱਖੇ ਪੇਟ ਨਾ ਲਗਵਾਓ। ਇਸ ਤੋਂ ਇਲਾਵਾ ਟੀਕਾ ਲਗਵਾਉਣ ਸਮੇਂ ਸਕੂਲ ਆਈਡੀ ਕਾਰਡ ਜਾਂ ਆਧਾਰ ਕਾਰਡ ਜਾਂ ਅਪਾਰ ਆਈਡੀ ਕਾਰਡ ਜਾਂ ਰਾਸ਼ਨ ਕਾਰਡ ਦੀ ਕਾਪੀ ਜਾਂ ਪੈਨ ਕਾਰਡ ਲੈ ਕੇ ਜਾਣਾ ਲਾਜ਼ਮੀ ਹੈ ਇਹ ਟੀਕੇ ਸਬ ਡਵੀਜ਼ਨ ਬੁਢਲਾਡਾ ਵਿੱਚ ਤਿੰਨ ਥਾਵਾਂ ਤੇ ਰੋਜ਼ਾਨਾ ਸਰਕਾਰੀ ਛੁੱਟੀ ਅਤੇ ਐਂਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਮੁਫ਼ਤ ਲੱਗਦੇ ਹਨ, ਇਨ੍ਹਾਂ ਵਿੱਚ ਸਬ ਡਵੀਜ਼ਨਲ ਹਸਪਤਾਲ ਬੁਢਲਾਡਾ, ਕਮਿਊਨਿਟੀ ਹੈਲਥ ਸੈਂਟਰ ਬਰੇਟਾ ਅਤੇ ਆਮ ਆਦਮੀ ਕਲੀਨਿਕ ਬੋਹਾ ਸ਼ਾਮਲ ਹਨ।