ਸੜਕਾਂ ’ਤੇ ਕੂੜੇ ਦੇ ਲੱਗੇ ਢੇਰਾਂ ਕਾਰਨ ਆਮ ਲੋਕ ਪਰੇਸ਼ਾਨ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੂੜਾ ਇਕੱਠਾ
Publish Date: Fri, 09 Jan 2026 04:43 PM (IST)
Updated Date: Fri, 09 Jan 2026 04:45 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸ਼ਹਿਰ ਅੰਦਰ ਸੜਕਾਂ ’ਤੇ ਹੀ ਕਈ ਕੂੜੇ ਦੇ ਡੰਪ ਬਣਾਏ ਹੋਏ ਹਨ। ਇਨ੍ਹਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਨਜ਼ਰ ਆਉਂਦੇ ਹਨ ਅਤੇ ਇਸ ਦੇ ਕਾਰਨ ਆਮ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਇਨ੍ਹਾਂ ਲੱਗੇ ਕੂੜੇ ਦੇ ਢੇਰਾਂ ਉੱਪਰ ਲਾਵਾਰਿਸ ਪਸ਼ੂ ਲਗਾਤਾਰ ਮੂੰਹ ਮਾਰਦੇ ਹਨ ਅਤੇ ਇਸ ਖਿਲਾਰ ਦਿੰਦੇ ਹਨ। ਸੜਕਾਂ ’ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਜਾਮ ਵੀ ਲੱਗ ਜਾਂਦੇ ਹਨ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਸੜਕਾਂ ’ਤੇ ਬਣਾਏ ਗਏ ਹਨ ਤਾਂ ਉਨ੍ਹਾਂ ਤੋਂ ਰੋਜ਼ਾਨਾ ਕੂੜਾ ਚੁੱਕਿਆ ਜਾਵੇ। ਜਦੋਂ ਇਹ ਕੂੜਾ ਰੋਜ਼ਾਨਾ ਨਹੀਂ ਚੁੱਕਿਆ ਜਾਂਦਾ ਤਾਂ ਇਸ ਨਾਲ ਜਿੱਥੇ ਦੂਰ-ਦੂਰ ਤਕ ਬਦਬੂ ਮਾਰਦੀ ਹੈ, ਉੱਥੇ ਹੀ ਲਾਵਾਰਿਸ ਪਸ਼ੂ ਇਸ ਨੂੰ ਖਿਲਾਰ ਦਿੰਦੇ ਹਨ। ਇਹ ਸੜਕਾਂ ’ਤੇ ਆ ਜਾਂਦਾ ਹੈ। ਇਸ ਨਾਲ ਜਾਮ ਲੱਗਦੇ ਹਨ। ਰਾਮ ਬਾਗ ਰੋਡ ’ਤੇ ਇੱਕ ਬੈਂਕ ਦੇ ਨਜ਼ਦੀਕ ਇਹ ਕੂੜੇ ਦਾ ਡੰਪ ਬਣਾਇਆ ਹੋਇਆ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ। ਇਸ ਦੇ ਇਲਾਵਾ ਰਾਮ ਬਾਗ ਦੀ ਕੰਧ ਦੇ ਨਾਲ ਕੂੜੇ ਦੇ ਢੇਰ ਲੱਗੇ ਹੋਏ ਹਨ। ਇਥੇ ਪਸ਼ੂ ਮੂੰਹ ਮਾਰ ਕੇ ਇਹ ਕੂੜਾ ਖਿਲਾਰ ਰਹੀੇ ਹਨ। ਲਿੰਕ ਰੋਡ ’ਤੇ ਕੂੜੇ ਦੇ ਢੇਰ ਸੜਕ ’ਤੇ ਲੱਗੇ ਹੋਏ ਹਨ ਅਤੇ ਇਥੇ ਰੋਜ਼ਾਨਾ ਵੱਡੀ ਗਿਣਤੀ ’ਚ ਵਾਹਨ ਲੰਘਦੇ ਹਨ। ਪਸ਼ੂ ਇਸ ਕੂੜੇ ਦੇ ਢੇਰ ’ਤੇ ਆਉਂਦੇ ਹਨ ਤਾਂ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਨਗਰ ਕੌਂਸਲ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਕੂੜੇ ਡੰਪਾਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।