ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਹੋਈ ਚੌਕਸ, ਕੀਤਾ ਫਲੈਗ ਮਾਰਚ
26 ਜਨਵਰੀ ਗਣਤੰਤਰ ਦਿਵਸ
Publish Date: Sun, 25 Jan 2026 07:06 PM (IST)
Updated Date: Mon, 26 Jan 2026 04:13 AM (IST)
-ਹੋਟਲਾਂ ਤੇ ਰੈਸਟੋਰੈਂਟ ’ਚ ਤਲਾਸ਼ੀ ਅਭਿਆਨ, 700 ਜਵਾਨ ਤਾਇਨਾਤ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਜ਼ਿਲ੍ਹੇ ‘ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਅਮਨ ਸ਼ਾਂਤੀ ਨਾਲ ਗਣਤੰਤਰ ਦਿਵਸ ਦੇ ਆਯੋਜਨ ਲਈ ਅੱਜ ਤਿੰਨ ਸਬ ਡਵੀਜ਼ਨਾਂ ’ਚ ਫਲੈਗ ਮਾਰਚ ਕੱਢਿਆ। ਇਸ ਦੌਰਾਨ ਪੁਲਿਸ ਵੱਲੋਂ ਅਲੱਗ ਅਲੱਗ ਜਗ੍ਹਾ ’ਤੇ ਚੈਕਿੰਗ ਵੀ ਕੀਤੀ ਗਈ। ਮਾਨਸਾ ’ਚ 26 ਜਨਵਰੀ ਦੇ ਮੱਦੇਨਜ਼ਰ 700 ਪੁਲਿਸ ਕਰਮਚਾਰੀ ਤੇ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।
ਮਾਨਸਾ ਵਿੱਚ ਫ਼ਲੈਗ ਮਾਰਚ ਦੀ ਅਗਵਾਈ ਖ਼ੁਦ ਐੱਸਪੀ ਭਾਗੀਰਥ ਸਿੰਘ ਮੀਨਾ ਨੇ ਕੀਤੀ। ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ’ਚ ਪੁਲਿਸ ਦੁਆਰਾ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ’ਤੇ ਆਉਣ-ਜਾਣ ਵਾਲੇ ਮੁਸਾਫ਼ਰਾਂ ਦੇ ਬੈਗਾਂ ਦੀ ਜਾਂਚ ਵੀ ਕੀਤੀ। ਗਣਤੰਤਰ ਦਿਵਸ ਅਮਨ ਚੈਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਨੇ ਹਰ ਚੌਕ ’ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਹੋਣ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਹੋਟਲਾਂ, ਰੈਸਟੋਰੈਟਾਂ ‘ਚ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂਕਿ ਮਾੜੇ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ। ਐੱਸਐੱਸਪੀ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਤਕਰੀਬਨ 700 ਪੁਲਿਸ ਕਰਮਚਾਰੀ ਅਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਦਾ ਵਿਸ਼ੇਸ਼ ਉਦੇਸ਼ ਹੈ ਕਿ 26 ਜਨਵਰੀ ਦਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਸਕੇ।