ਫਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਦੀ ਹੋਈ ਇਕੱਤਰਤਾ
ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ
Publish Date: Thu, 29 Jan 2026 07:37 PM (IST)
Updated Date: Thu, 29 Jan 2026 07:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਧਰਨਾ 15 ਤੋਂ 23 ਜਨਵਰੀ ਤਕ ਲਗਾਇਆ ਗਿਆ ਸੀ। ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਧਰਨੇ ਦੌਰਾਨ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੂੰ ਸੌਂਪਿਆ ਗਿਆ। ਮੀਟਿੰਗ ਦੇ ਵਿਸ਼ਵਾਸ ਬਾਅਦ ਸਾਰੇ ਸੁਤੰਤਰਤਾ ਸੰਗਰਾਮੀਆਂ ਨੇ ਗਣਤੰਤਰ ਦਿਵਸ ਮੌਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਪਰ ਸੂਬਾ ਸਰਕਾਰ ਦੇ ਸਮਾਨ ਦਾ ਬਾਈਕਾਟ ਕੀਤਾ। ਦਫ਼ਤਰ ਮੁੱਖ ਮੰਤਰੀ ਪੰਜਾਬ ਦੇ ਪੱਤਰ ਅਨੁਸਾਰ 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਅਤੇ ਸੁਤੰਤਰਤਾ ਸੰਗਰਾਮੀ ਵਿਭਾਗ ਪੰਜਾਬ ਦੇ ਅਡੀਸ਼ਨਲ ਸਕੱਤਰ ਰਾਜਪਾਲ ਸਿੰਘ ਵਿਚਕਾਰ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ ਦੌਰਾਨ ਵੱਖ ਵੱਖ-ਵੱਖ ਹੱਕੀਂ ਮੰਗਾਂ ’ਤੇ ਸਾਰਥਕ ਵਿਚਾਰ ਚਰਚਾ ਹੋਈ। ਸੂਬਾ ਸਰਕਾਰ ਦੇ ਪ੍ਰਤੀਨਿਧ ਵਜੋਂ ਸ਼ਾਮਲ ਹੋਏ। ਨਵਰਾਜ ਸਿੰਘ ਬਰਾੜ ਨੇ ਸਾਰੀਆਂ ਮੰਗਾਂ ’ਤੇ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਤਰੀ ਨਾਲ਼ ਤਾਲਮੇਲ ਕਰ ਕੇ ਜਲਦੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ। ਸੂਬਾ ਪ੍ਰਧਾਨ ਚਤਿੰਨ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਰੀਆਂ ਮੰਗਾਂ ਸਬੰਧੀ ਜਲਦੀ ਨੋਟੀਫ਼ਿਕੇਸ਼ਨ ਜਾਰੀ ਕਰੇਗੀ। ਜੇਕਰ ਸਰਕਾਰ ਨੇ ਫ਼ਿਰ ਤੋਂ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਨੂੰ ਅਣਗੌਲਿਆ ਕੀਤਾ ਤਾਂ ਸੰਸਥਾ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਰਵਿੰਦਰ ਸਿੰਘ ਨਗਲਾ ਸੂਬਾ ਜਨਰਲ ਸਕੱਤਰ, ਬਲਵਿੰਦਰ ਸਿੰਘ ਛੰਨਾ ਸੂਬਾ ਖ਼ਜ਼ਾਨਚੀ ਤੋਂ ਇਲਾਵਾ ਸਮੂਹ ਸੂਬਾ ਕਮੇਟੀ ਮੈਂਬਰ ਹਾਜ਼ਰ ਸਨ।