ਰੇਲ ਗੱਡੀਆਂ ’ਚੋਂ ਮੋਬਾਈਲ ਚੋਰੀ ਕਰਨ ਵਾਲਾ ਗਿਰੋਹ ਕਾਬੂ
ਚੌਂਕੀ ਇੰਚਾਰਜ ਏਐਸਆਈ ਪਾਖਰ ਸਿੰਘ ਦੀ
Publish Date: Wed, 04 Feb 2026 08:17 PM (IST)
Updated Date: Thu, 05 Feb 2026 04:11 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਰੇਲਗੱਡੀਆਂ ਵਿਚੋਂ ਮੋਬਾਈਲ ਫੋਨ ਚੋਰੀ ਕਰਨ ਵਾਲੇ ਚਾਰ ਨੌਜ਼ਵਾਨਾਂ ਦੇ ਗਿਰੋਹ ਨੂੰ ਕਾਬੂ ਕਰਕੇ ਰੇਲਵੇ ਪੁਲੀਸ ਉਨ੍ਹਾਂ ਪਾਸੋਂ ਚੋਰੀ ਕੀਤੇ 6 ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਨੌਜਵਾਨ ਸਵਾਰੀ ਰੇਲਗੱਡੀਆਂ ’ਤੇ ਸਫ਼ਰ ਕਰਦੇ ਯਾਤਰੀਆਂ ਦੇ ਮੋਬਾਈਲ ਫੋਨ ਚੋਰੀ ਕਰਦੇ ਸਨ ਅਤੇ ਪੁਲੀਸ ਨੇ ਇਨ੍ਹਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਹੈ। ਰੇਲਵੇ ਪੁਲਿਸ ਚੌਕੀ ਮਾਨਸਾ ਦੇ ਇੰਚਾਰਜ ਏ.ਐਸ.ਆਈ ਪਾਖਰ ਸਿੰਘ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਦੀ ਚੈਕਿੰਗ ਦੌਰਾਨ ਉਨ੍ਹਾਂ ਨੂੰ ਚਾਰ ਸ਼ੱਕੀ ਨੌਜ਼ਵਾਨ ਮਿਲੇ, ਜਿੰਨ੍ਹਾਂ ਦੀ ਪਹਿਚਾਣ ਹੈਪੀ ਉਰਫ਼ ਖੁਸ਼, ਸੁਖਵਿੰਦਰ ਉਰਫ਼ ਗੀਟੀ, ਸਾਗਰ ਤੇ ਅਕਾਸ਼ (ਦੋਵੇਂ ਸਕੇ ਭਰਾ) ਵਾਸੀਅਨ ਮਾਨਸਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੜੇ ਨੌਜਵਾਨਾਂ ਕੋਲੋਂ ਰੇਲਗੱਡੀਆਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਚੋਰੀ ਕੀਤੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਨੌਜ਼ਵਾਨ ਸਫ਼ਰ ਦੌਰਾਨ ਯਾਤਰੀਆਂ ਦੇ ਮੋਬਾਈਲ ਫੋਨ ਆਦਿ ਚੋਰੀ ਕਰ ਲੈਂਦੇ ਸਨ। ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤੇ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਹਨ। ਬਰਾਮਦ ਹੋਏ ਮੋਬਾਈਲ ਫੋਨਾਂ ਦੇ ਮਾਲਕਾਂ ਦਾ ਪੁਲੀਸ ਪਤਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰ ਗਿਰੋਹ ਦੇ ਇਨ੍ਹਾਂ ਮੈਂਬਰਾਂ ਨੇ ਮੋਬਾਈਲ ਫੋਨ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਮ ਕਾਰਡ ਤੋੜਕੇ ਸੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਜੀਆਰਪੀ ਬਠਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।