ਖੀਵਾ ਕਲਾਂ ’ਚ 35 ਲੱਖ ਨਾਲ ਬਣੇਗਾ ਕਮਿਊਨਿਟੀ ਹਾਲ
ਪਿੰਡ ਖੀਵਾ ਕਲਾਂ ਵਿਖੇ 35 ਲੱਖ ਰੁਪਏ ਦੀ ਲਾਗਤ
Publish Date: Sat, 03 Jan 2026 06:10 PM (IST)
Updated Date: Sun, 04 Jan 2026 04:12 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ,
ਭੀਖੀ : ਪਿੰਡ ਖੀਵਾ ਕਲਾਂ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਾਸੀਆਂ ਦੀ ਸਹੂਲਤ ਲਈ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਦਾ ਨਕਸ਼ਾ ਤਿਆਰ ਹੋ ਚੁੱਕਿਆ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਜਵਿੰਦਰ ਸਿੰਘ ਰਾਜੀ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਪਿੰਡ ਖੀਵਾ ਕਲਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਗ੍ਰਾਂਟ ਦੀ ਮਦਦ ਨਾਲ ਪਿੰਡ ਅੰਦਰ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ, ਜੋ ਪਿੰਡ ਵਾਸੀਆਂ ਲਈ ਸੌਗਾਤ ਹੋਵੇਗੀ। ਇਸ ਹਾਲ ਦੇ ਬਨਣ ਨਾਲ ਪਿੰਡ ਦੇ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਆਰਥਿਕ ਫ਼ਾਇਦਾ ਮਿਲੇਗਾ। ਪਿੰਡ ਦੇ ਜੋ ਵਸਨੀਕ ਵੱਡੇ ਪੈਲੇਸਾਂ ਵਿੱਚ ਘਰੇਲੂ ਸਮਾਰੋਹ ਨਹੀਂ ਕਰ ਸਕਦੇ। ਉਹ ਇਸ ਹਾਲ ਵਿੱਚ ਆਪਣੇ ਵਿਆਹ ਅਤੇ ਹੋਰ ਸਮਾਗਮ ਕਰ ਸਕਣਗੇ। ਇਸ ਨਾਲ ਉਨ੍ਹਾਂ ‘ਤੇ ਆਰਥਿਕ ਬੋਝ ਘੱਟ ਪਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਪਿੰਡ ਵਿੱਚ 2 ਸ਼ਮਸ਼ਾਨ ਘਾਟ ਬਣੇ ਹੋਏ ਸਨ ਅਤੇ ਪਿਛਲੇ ਸਮੇਂ ਵਿੱਚ ਪਿੰਡ ਦੇ ਲੋਕਾਂ ਵੱਲੋਂ ਭਾਈਚਾਰਕ ਸਾਂਝ ਦਿਖਾਉਂਦੇ ਹੋਏ ਪਿੰਡ ਅੰਦਰ ਇੱਕ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ ਸੀ, ਜੋ ਗੁਰਦੁਆਰਾ ਸਾਹਿਬ ਦੇ ਨਾਲ ਹੈ ਅਤੇ ਇੱਕ ਸ਼ਮਸ਼ਾਨਘਾਟ ਦੀ ਥਾਂ ਹੁਣ ਖਾਲੀ ਪਈ ਸੀ। ਉਥੇ ਉਨ੍ਹਾਂ ਹੁਣ ਇਹ ਕਮਿਊਨਿਟੀ ਹਾਲ ਦੀ ਉਸਾਰੀ ਕਰਨੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਲ ਦੀ ਉਸਾਰੀ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਅਤੇ ਬਾਕੀ ਰਹਿੰਦੀ ਗ੍ਰਾਂਟ ਦੀ ਰਕਮ ਵਿਚੋਂ ਪਿੰਡ ਦੇ ਬੱਸ ਸਟੈਂਡ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਅੰਦਰ ਆਧੁਨਿਕ ਸਿਹਤ ਕੇਂਦਰ ਵੀ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ। ਉਨ੍ਹਾਂ ਇਸ ਮੌਕੇ ਗ੍ਰਾਂਟ ਦੇਣ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਮਾਨਸਾ ਵਿਜੈ ਕੁਮਾਰ ਸਿੰਗਲਾ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਗ੍ਰਾਂਟ ਜਾਰੀ ਕਰਵਾ ਕੇ ਪਿੰਡ ਅੰਦਰ ਹੋਰ ਵੀ ਵਿਕਾਸ ਦੇ ਕੰਮ ਕਰਵਾਕੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ।