ਮੀਂਹ ਦੌਰਾਨ ਖੁੱਲ੍ਹੇ ਗੁਦਾਮਾਂ ’ਚ ਪਈ ਕਣਕ ਭਿੱਜੀ
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪਈ ਭਾਰੀ
Publish Date: Fri, 03 Apr 2026 07:37 PM (IST)
Updated Date: Sat, 04 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ‘ਚ ਪਈ ਭਾਰੀ ਬਰਸਾਤ ਨੇ ਫੂਡ ਸਪਲਾਈ ਵਿਭਾਗ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਬੇਨਕਾਬ ਕੀਤਾ ਹੈ। ਮੌਸਮ ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਮੀਂਹ ਪੈਣ ਚੇਤਾਵਨੀ ਜਾਰੀ ਹੈ। ਪਰ ਇਸਦੇ ਬਾਵਜੂਦ ਸਬੰਧਤ ਵਿਭਾਗਾਂ ਵੱਲੋਂ ਪੂਰ੍ਹੇ ਇੰਤਜਾਮ ਕੀਤੇ ਦਿਖਾਈ ਨਹੀਂ ਦਿਸਦੇ। ਅੱਜ ਜਦ ਮਾਨਸਾ ਵਿੱਚ ਤੇਜ਼ ਮੀਂਹ ਪਿਆ ਤਾਂ ਪ੍ਰਬੰਧ ਫ਼ੇਲ੍ਹ ਹੋ ਗਏ। ਮਾਨਸਾ-ਖਿਆਲਾ ਰੋਡ ’ਤੇ ਸਥਿਤ ਓਪਨ ਗੋਦਾਮ ਵਿੱਚ ਲੱਖਾਂ ਗੱਟਾ ਕਣਕ ਖੁੱਲ੍ਹੇ ਆਸਮਾਨ ਹੇਠ ਪਿਆ ਰਹਿਣ ਕਾਰਨ ਮੀਂਹ ਵਿੱਚ ਭਿੱਜ ਗਿਆ। ਕਣਕ ਖੁੱਲ੍ਹੇ ਵਿੱਚ ਪਈ ਖ਼ਰਾਬ ਹੋਣ ਦੀ ਕਗਾਰ ‘ਤੇ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਘਟਨਾ ਨਾਲ ਕਿਸਾਨਾਂ ਵਿੱਚ ਵੀ ਗਹਿਰਾ ਰੋਸ ਹੈ ਕਿਉਂਕਿ ਸਾਲ ਭਰ ਦੀ ਉਨ੍ਹਾਂ ਦੀ ਮਿਹਨਤ ਇਸ ਤਰ੍ਹਾਂ ਬਰਬਾਦ ਹੋ ਰਹੀ ਹੈ। ਇਹ ਮਾਮਲਾ ਸੂਬੇ ਦੀ ਅਨਾਜ ਸੰਭਾਲ ਪ੍ਰਣਾਲੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਸਮੇਂ ‘ਤੇ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਇਸ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।