ਕਿਸਾਨਾਂ ਵੱਲੋਂ ਨਹਿਰੀ ਕੋਠੀ ਜਵਾਹਰਕੇ ਦੇ ਐਕਸੀਅਨ ਤੇ ਐੱਸਡੀਓ ਦਾ ਘਿਰਾਓ
ਬੁਰਜ ਹਰੀ ਮਾਇਨਰ ਦੀ ਮਿਣਤੀ ਨਵੇਂ
Publish Date: Thu, 09 Apr 2026 06:01 PM (IST)
Updated Date: Fri, 10 Apr 2026 04:12 AM (IST)

ਫ਼ੋਟੋ : 02 ਐਮਏਐਨ ਕੈਪਸ਼ਨ : ਧਰਨੇ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੁਰਜ ਹਰੀ ਮਾਈਨਰ ਦੀ ਮਿਣਤੀ ਨਵੇਂ ਸਿਰਿਓ ਕਰਵਾ ਕੇ ਕੱਸੀ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਨਹਿਰੀ ਕੋਠੀ ਜਵਾਹਰਕੇ ਦੇ ਐਕਸੀਅਨ ਤੇ ਐੱਸਡੀਓ ਦਾ ਘਿਰਾਓ ਕੀਤਾ ਗਿਆ। ਜੱਥੇਬੰਦੀ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਬੁਰਜ ਹਰੀ ਮਾਇਨਰ ਤੋਂ ਤਿੰਨ ਪਿੰਡ ਬੁਰਜ ਹਰੀ, ਤਾਮਕੋਟ ਅਤੇ ਭੈਣੀ ਬਾਘਾ ਦੇ ਕਿਸਾਨਾਂ ਦੀ ਜ਼ਮੀਨ ਵਿੱਚ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ। ਮਾਇਨਰ ਬਣੇ ਨੂੰ 40 ਸਾਲ ਹੋ ਚੁੱਕੇ ਹਨ ਅਤੇ ਕਾਫ਼ੀ ਜਗ੍ਹਾ ਤੋਂ ਟੁੱਟਿਆ ਪਿਆ ਹੈ ਅਤੇ ਬਹੁਤ ਭਾਰੀ ਸਫ਼ੈਦੇ ਮੋਘੇ ਦੀ ਨੁੱਕਰ ਤੇ ਲੱਗੇ ਹੋਣ ਕਾਰਨ ਜਦੋਂ ਵੀ ਮੀਂਹ, ਹਨੇਰੀ ਆਉਂਦੇ ਹਨ। ਸਫ਼ੈਦਿਆਂ ਦੇ ਤਣੇ ਮੋਘੇ ਹੇਠ ਆਉਣ ਕਰਕੇ ਪੱਟੜੀ ਵਿੱਚ ਤਰੇੜਾਂ ਪੈ ਜਾਂਦੀਆਂ ਹਨ, ਜਿਸ ਕਾਰਨ ਕੱਸੀ ਟੁੱਟ ਜਾਂਦੀ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੋਘੇ ਦੇ ਰਕਬੇ ਦੀ ਮਿਣਤੀ ਨਵੇਂ ਸਿਰਿਓ ਕਰਵਾਕੇ ਅਤੇ ਪੱਟੜੀ ਤੋਂ ਸਫੈਦੇ ਪੁਟਵਾ ਕੇ ਨਵਾਂ ਮੋਘਾ ਬਣਾਇਆ ਜਾਵੇ ਤਾਂ ਜੋ ਸਾਰੇ ਕਿਸਾਨਾਂ ਦੀ ਜ਼ਮੀਨ ਵਿੱਚ ਨਹਿਰੀ ਪਾਣੀ ਨਾਲ ਸਿੰਚਾਈ ਹੋ ਸਕੇੇ। ਧਰਨੇ ਵਿੱਚ ਪਹੁੰਚ ਕੇ ਨਹਿਰੀ ਐਕਸਨ ਗੁਰਸ਼ਰਨ ਸਿੰਘ ਨੇ ਧਰਨਾਕਾਰੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤੋਂ ਮਿਣਤੀ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਪੰਜ ਦਿਨਾਂ ਵਿੱਚ ਮੋਘੇ ਵਾਲੇ ਸਾਰੇ ਰਕਬੇ ਦੀ ਮਿਣਤੀ ਕਰਵਾ ਦਿੱਤੀ ਜਾਵੇਗੀ। ਇਸ ਮਗਰੋਂ ਜੱਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜ੍ਹਕ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।