ਕਿਸਾਨ ਆਗੂਆਂ ਨੇ ਐੱਸਡੀਓ ਨੂੰ ਦਿੱਤਾ ਮੰਗ ਪੱਤਰ
ਕਿਸਾਨ ਬਹਾਦਰ ਸਿੰਘ ਦੀ ਟਿਊਬਵੈਲ ਮੋਟਰ
Publish Date: Thu, 01 Jan 2026 05:45 PM (IST)
Updated Date: Thu, 01 Jan 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਸਾਨ ਬਹਾਦਰ ਸਿੰਘ ਦੀ ਟਿਊਬਵੈੱਲ ਮੋਟਰ ਕੁਨੈਕਸ਼ਨ ਨੂੰ ਗਲਤ ਦੱਸ ਕੇ ਤੰਗ ਪਰੇਸ਼ਾਨ ਕਰਨ ’ਤੇ ਕਿਸਾਨ ਆਗੂਆਂ ਨੇ ਐੱਸਡੀਓ ਪੰਜਾਬ ਰਾਜ ਬਿਜਲੀ ਬੋਰਡ ਮਾਨਸਾ ਨੂੰ ਮੰਗ ਪੱਤਰ ਦੇ ਕੇ ਕਿਸਾਨ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਵਿੱਚ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ, ਬਲਾਕ ਪ੍ਰਧਾਨ ਹਰਬੰਸ ਸਿੰਘ ਮਾਨਬੀਬੜੀਆਂ, ਪਿੰਡ ਬਾਜੇਵਾਲਾ ਦੇ ਪ੍ਰਧਾਨ ਤਰਸੇਮ ਸਿੰਘ, ਜਸਕਰਨ ਸਿੰਘ ਮੀਤ ਪ੍ਰਧਾਨ ਮਾਨਸਾ, ਸੋਨੂੰ ਗਿੱਲ ਝੰਡਾ ਕਲਾਂ, ਸਤਨਾਮ ਸਿੰਘ ਖਾਲਸਾ ਝੇਰਿਆਂਵਾਲੀ, ਜੱਗਾ ਸਿੰਘ ਭਲਾਈਕੇ ਬਲਾਕ ਪ੍ਰਧਾਨ, ਨਸੀਬ ਸਿੰਘ ਬੁਰਜ ਆਦਿ ਮੌਜੂਦ ਸਨ। ਉਨ੍ਹਾਂ ਪੀੜਤ ਕਿਸਾਨ ਬਹਾਦਰ ਸਿੰਘ ਪੁੱਤਰ ਬਲਮ ਸਿੰਘ ਵਾਸੀ ਬਾਜੇਵਾਲਾ ਤਹਿਸੀਲ ਸਰਦੂਲਗੜ੍ਹ ’ਤੇ ਕੀਤੇ ਗਏ ਝੂਠੇ ਮੁਕੱਦਮੇ ਦੇ ਸਬੰਧ ਵਿੱਚ ਦੱਸਿਆ ਕਿ ਉਕਤ ਕਿਸਾਨ ਦਾ ਮੋਟਰ ਕੁਨੈਕਸ਼ਨ ਸਾਲ 2017 ਤੋਂ ਚੱਲਦਾ ਆ ਰਿਹਾ ਹੈ। ਹੁਣ ਮਹਿਕਮੇ ਦੇ ਅਧਿਕਾਰੀ ਕਿਸਾਨ ’ਤੇ ਗਲਤ ਇਲਜ਼ਾਮ ਲਾ ਰਹੇ ਹਨ, ਜਿਸ ਕਾਰਨ ਉਕਤ ਕਿਸਾਨ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨ ਤੇ ਦਰਜ ਕੀਤਾ ਪਰਚਾ ਖਾਰਜ ਕੀਤਾ ਜਾਵੇ ਤੇ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਵੇ। ਮੋਟਰ ਕੁਨੈਕਸ਼ਨ ਬਹਾਲ ਰੱਖਿਆ ਜਾਵੇ। ਜੇਕਰ ਸਰਕਾਰ ਦੇ ਅਧਿਕਾਰੀਆਂ ਨੇ ਉਕਤ ਮੰਗ ਮੰਨਣ ਤੇ ਧਿਆਨ ਨਾ ਦਿੱਤਾ ਤਾਂ ਕਿਸਾਨ ਆਗੂਆਂ ਨੂੰ ਮਜਬੂਰ ਹੋ ਕੇ ਸੰਘਰਸ਼ ਦੇ ਰਸਤੇ ਪੈਣਾ ਪਵੇਗਾ।