ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਵੱਲੋਂ ਵਿਧਾਇਕ ਸਿੰਗਲਾ ਨੂੰ ਮੰਗ-ਪੱਤਰ
ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ
Publish Date: Tue, 03 Mar 2026 06:14 PM (IST)
Updated Date: Wed, 04 Mar 2026 04:06 AM (IST)
-ਕਿਹਾ, ਜਾਇਜ਼ ਮੰਗਾਂ ਤੁਰੰਤ ਕੀਤੀਆਂ ਜਾਣ ਪੂਰੀਆਂ, ਨਹੀਂ ਤਾਂ ਵਿੱਢਾਂਗੇ ਸੰਘਰਸ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ 132, ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ, ਕੁਲਦੀਪ ਸਿੰਘ, ਰਾਜੇਸ਼ ਕੁਮਾਰ ਤੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਵੱਲੋਂ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਸਾਹਿਬ ਨੂੰ ਆਪਣੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿਛਲੇ 15–18 ਸਾਲ ਤੋਂ ਫਰਦ ਕੇਂਦਰਾਂ ਵਿਚ ਕੰਮ ਕਰ ਰਹੇ ਡਾਟਾ ਐਂਟਰੀ ਆਪ੍ਰੇਟਰ ਜਮਾਬੰਦੀਆਂ, ਖਸਰਾ ਗਿਰਦਾਵਰੀ, ਇੰਤਕਾਲਾਤ ਆਦਿ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਕੇ ਆਮ ਲੋਕਾਂ ਨੂੰ ਲਗਾਤਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਬਣਦੀ ਤਨਖਾਹ ਤੱਕ ਨਹੀਂ ਮਿਲ ਰਹੀ। ਓਪਰੇਟਰਾਂ ਨੂੰ ਪ੍ਰਾਈਵੇਟ ਕੰਪਨੀ CMS Computers Ltd. ਰਾਹੀਂ ਭਰਤੀ ਕੀਤਾ ਗਿਆ ਸੀ। ਦੋਸ਼ ਲਗਾਇਆ ਗਿਆ ਕਿ ਕੰਪਨੀ ਵੱਲੋਂ ਸਾਲਾਂ ਤੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਨਾ ਹੀ ਤਨਖਾਹ ਵਿਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਕਰਮਚਾਰੀਆਂ ਦੇ ਹੱਕਾਂ ਦੀ ਸੁਰੱਖਿਆ ਕੀਤੀ ਹੈ। ਹੱਕਾਂ ਦੀ ਮੰਗ ਕਰਨ ’ਤੇ ਮੁਲਾਜ਼ਮਾਂ ਨੂੰ ਡਰਾਇਆ-ਧਮਕਾਇਆ ਜਾਣ ਦਾ ਵੀ ਦੋਸ਼ ਲਗਾਇਆ ਗਿਆ। ਐਸੋਸੀਏਸ਼ਨ ਨੇ ਕਿਹਾ ਕਿ ਫਰਦ ਕੇਂਦਰਾਂ ਦੇ ਮੁੱਖ ਕੰਮ ਤੋਂ ਇਲਾਵਾ ਆਪ੍ਰੇਟਰਾਂ ਤੋਂ ਬੀਮਾ ਕਾਰਡ (ਡੀਸੀਐਸ), ਪੀਐੱਮ ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਸਕੀਮ, ਸਪੈਸ਼ਲ ਗਿਰਦਾਵਰੀ, ਚੋਣ ਡਿਊਟੀ ਅਤੇ ਕੋਵਿਡ-19 ਮਹਾਮਾਰੀ ਦੌਰਾਨ ਵੀ ਜਾਨ ਜੋਖ਼ਮ ’ਚ ਪਾ ਸੇਵਾਵਾਂ ਲਈਆਂ ਗਈਆਂ, ਪਰ ਇਸ ਬਦਲੇ ਨਾ ਕੋਈ ਵਾਧੂ ਭੱਤਾ ਦਿੱਤਾ ਗਿਆ ਤੇ ਨਾ ਹੀ ਬੀਮਾ ਜਾਂ ਯੋਗ ਸੁਰੱਖਿਆ ਪ੍ਰਬੰਧ ਕੀਤੇ।
ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਮਸਲੇ ਸਬੰਧੀ ਕਈ ਵਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮਾਲ ਮੰਤਰੀ ਹਰਪ੍ਰੀਤ ਸਿੰਘ ਮੁੰਡੀਆ ਸਮੇਤ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ, ਪਰ ਹਰੇਕ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ ਤੇ ਕੋਈ ਠੋਸ ਹੱਲ ਸਾਹਮਣੇ ਨਹੀਂ ਆਇਆ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ, ਕੁਲਦੀਪ ਸਿੰਘ, ਰਾਜੇਸ਼ ਕੁਮਾਰ ਅਤੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਹਾਜ਼ਰ ਸਨ। ਐੱਮਐੱਲਏ ਸਾਹਿਬ ਵੱਲੋਂ ਭਰੋਸਾ ਦਿਵਾਇਆ ਕਿ ਬਜਟ ਤੋਂ ਬਾਅਦ ਮਾਲ ਮੰਤਰੀ ਨਾਲ ਵਿਸਥਾਰਪੂਰਵਕ ਮੀਟਿੰਗ ਕਰਵਾ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।