ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਨਹੀਂ ਮਿਲ ਰਹੀ ਰਾਸ਼ੀ
ਤਕਰੀਬਨ ਇਕ ਸਾਲ ਪਹਿਲਾਂ ਪ੍ਰਧਾਨ
Publish Date: Wed, 22 Apr 2026 03:56 PM (IST)
Updated Date: Thu, 23 Apr 2026 04:01 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਤਕਰੀਬਨ ਇਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਦੂਲਗੜ੍ਹ ਵਿੱਚ ਜਿੰਨ੍ਹਾਂ ਲੋਕਾਂ ਕੋਲ ਰਹਿਣ ਯੋਗ ਮਕਾਨ ਨਹੀਂ ਸਨ। ਉਨ੍ਹਾਂ ਨੂੰ ਮਕਾਨ ਬਣਾਉਣ ਲਈ ਸਰਕਾਰੀ ਸਹਾਇਤਾ ਢਾਈ ਲੱਖ ਰੁਪਏ ਦੇਣ ਲਈ ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਫ਼ਾਰਮ ਭਰੇ ਗਏ ਸਨ। ਇਸ ਦੌਰਾਨ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਪੁਰਾਣੇ ਕੱਚੇ ਘਰ ਢੋਆ ਦਿੱਤੇੇ। ਉਨ੍ਹਾਂ ਨੂੰ ਨੀਹਾਂ ਭਰਨ, ਸੀਵਰੇਜ਼ ਕੁਨੈਕਸ਼ਨ, ਟੂਟੀ ਕੁਨੈਕਸ਼ਨ ਅਤੇ ਬਿਜਲੀ ਦਾ ਕੁਨੈਕਸ਼ਨ ਇਹ ਕਹਿ ਕੇ ਲੈਣ ਲਈ ਕਿਹਾ ਕਿ 45 ਦਿਨਾਂ ਵਿੱਚ ਤੁਹਾਡੇ ਖਾਤੇ ਵਿੱਚ ਸਹਾਇਤਾ ਰਾਸ਼ੀ ਦੀ ਕਿਸ਼ਤ ਆ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਾਰਡ ਨੰਬਰ. 5 ਦੇ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਘਰ ਢਾਹ ਕੇ ਪੈਸੇ ਵਿਆਜ਼ ਤੇ ਚੁੱਕ ਕੇ ਮਕਾਨ ਦੀਆ ਨੀਹਾਂ ਭਰੀਆਂ, ਸੀਵਰੇਜ ਬਿਜਲੀ ਅਤੇ ਆਦਿ ਦੇ ਕੁਨੈਕਸ਼ਨ ਲਏ ਪਰ ਹੁਣ ਤਕਰੀਬਨ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਕ ਰੁਪਇਆ ਵੀ ਨਹੀਂ ਮਿਲਿਆ। ਉਹ ਕਈ ਵਾਰ ਨਗਰ ਪੰਚਾਇਤ ਦੇ ਦਫ਼ਤਰ ਦੇ ਗੇੜੇ ਵੀ ਲਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਅਗਲੇ ਹਫ਼ਤੇ ਆਇਉ ਕਹਿ ਕੇ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ। ਉਪਰੋਂ ਉਨ੍ਹਾਂ ਵੱਲੋਂ ਘਰਾਂ ਤੇ ਖਰਚ ਕੀਤੇ ਪੈਸਿਆਂ ਦਾ ਵਿਆਜ਼ ਲੱਗ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਇਸ ਸਬੰਧੀ ਵਾਰਡ ਨੰਬਰ. 5 ਦੇ ਕੌਂਸਲਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੀ ਨਲਾਇਕੀ ਕਾਰਨ ਕਾਰਨ ਗਰੀਬ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੂਜੇ ਜ਼ਿਲ੍ਹਿਆਂ ਵਿੱਚ ਹੁਣ ਤੱਕ 50- 50 ਹਜ਼ਾਰ ਰੁਪਏ ਦੀਆਂ ਦੋ ਕਿਸ਼ਤਾਂ ਲਾਭਪਾਤਰੀਆਂ ਨੂੰ ਮਿਲ ਚੁੱਕੀਆਂ ਹਨ ਪਰ ਇਥੇ ਹਾਲੇ ਤੱਕ ਇਕ ਰੁਪਇਆ ਵੀ ਨਹੀਂ ਮਿਲਿਆ। ਉਨ੍ਹਾਂ ਨੇ ਮੌਜੂਦਾ ਸਰਕਾਰ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜੇਕਰ ਇੰਨ੍ਹਾਂ ਗਰੀਬ ਪਰਿਵਾਰਾਂ ਦਾ ਜਲਦੀ ਕੋਈ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੋਟਾਂ ਮੰਗਣ ਲਈ ਇਸ ਪਾਸੇ ਨਾ ਆਉਣ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਗਰੀਬ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸਬੰਧੀ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਸਬੰਧੀ ਕੋਈ ਉਚਿਤ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੋ। ਉਹ ਇਸ ਸਬੰਧੀ ਕੁਝ ਨਹੀਂ ਕਰ ਸਕਦਾ। ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।