ਚੋਣਾਂ ਨੂੰ ਰਾਜਨੀਤੀ ਨਹੀਂ, ਸੇਵਾ ਭਾਵਨਾ ਨਾਲ ਲੜੋ : ਜਤਿੰਦਰ ਅਗਰਾ
ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦੇ
Publish Date: Fri, 24 Apr 2026 06:03 PM (IST)
Updated Date: Sat, 25 Apr 2026 04:08 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲਗਾਤਾਰ ਲੋਕਾਂ ਵਿੱਚ ਚਰਚਾ ਚੱਲ ਪਈ ਹੈ। ਜ਼ਿਆਦਾਤਰ ਵਾਰਡਾਂ ਵਿੱਚ ਉਮੀਦਵਾਰ ਵੱਜੋਂ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਵੀ ਜਤਾ ਦਿੱਤੀ ਗਈ ਹੈ। ਨਗਰ ਕੌਂਸਲ ਮਾਨਸਾ ਦੇ ਸਾਬਕਾ ਉਪ ਪ੍ਰਧਾਨ ਜਤਿੰਦਰ ਅਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਇਸ ਵਾਰ ਚੋਣਾਂ ਨੂੰ ਰਾਜਨੀਤੀ ਨਹੀਂ, ਸੇਵਾ ਭਾਵਨਾ ਨਾਲ ਲੜੀਏ। ਨਗਰ ਕੌਂਸਲ ਚੋਣਾਂ ਦਾ ਅਸਲ ਮਕਸਦ ਸ਼ਹਿਰ ਦੇ ਵਾਰਡਾਂ ਵਿੱਚ ਰਹਿੰਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇਂਕਿ ਸੀਵਰੇਜ਼, ਮੀਂਹ ਦੇ ਪਾਣੀ ਦਾ ਨਿਕਾਸ, ਗਲੀਆਂ, ਨਲਕਿਆਂ ਦੀ ਸਹੂਲਤ, ਸਟ੍ਰੀਟ ਲਾਈਟਾਂ ਅਤੇ ਸ਼ਹਿਰ ਦੀਆਂ ਸੜਕਾਂ ਦਾ ਹੱਲ ਕਰਨਾ ਅਤੇ ਪੂਰ੍ਹੇ ਸ਼ਹਿਰ ਦਾ ਸਮੁੱਚਾ ਵਿਕਾਸ ਕਰਨਾ ਹੈ। ਸ਼ਹਿਰ ਦੇ ਬੱਸ ਅੱਡਾ, ਰੇਲਵੇ ਸਟੇਸ਼ਨ, ਓਵਰਬ੍ਰਿਜ, ਅੰਡਰਬ੍ਰਿਜ ਅਤੇ ਟ੍ਰੈਫਿਕ ਸਿਸਟਮ ਨੂੰ ਸੁਧਾਰਨਾ ਵੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ। ਨਾਲ ਹੀ, ਸਰਕਾਰ ਵੱਲੋਂ 1995 ਦੇ ਟਾਊਨ ਪਲਾਨਿੰਗ ਐਕਟ ਅਧੀਨ 2010 ਵਿੱਚ ਤਿਆਰ ਕੀਤੇ ਮਾਸਟਰ ਪਲਾਨ ਨੂੰ ਢੰਗ ਨਾਲ ਲਾਗੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਦੁੱਖ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਚੋਣਾਂ ਸੇਵਾ ਭਾਵਨਾ ਦੀ ਥਾਂ ਸਟੇਟਸ ਸਿੰਬਲ ਅਤੇ ਰਾਜਨੀਤੀ ਦਾ ਰੂਪ ਧਾਰ ਚੁੱਕੀਆਂ ਹਨ। ਇਸ ਕਰਕੇ ਕਈ ਵਾਰ ਗਲਤ ਪ੍ਰਥਾਵਾਂ ਵੀ ਵਰਤੀਆਂ ਜਾਂਦੀਆਂ ਹਨ। ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਆਪਣੇ ਵਾਰਡ ਵਿੱਚ ਬੈਠ ਕੇ ਇਕਮੱਤ ਹੋਈਏ ਅਤੇ ਇੱਕ ਇਮਾਨਦਾਰ ਤੇ ਯੋਗ ਉਮੀਦਵਾਰ ਨੂੰ ਯੂਨੈਨਿਮਸ ਤੌਰ ’ਤੇ ਚੁਣੀਏ। ਇਸ ਨਾਲ ਚੋਣਾਂ ਵਿੱਚ ਹੋਣ ਵਾਲੀਆਂ ਗੱਲਤ ਪ੍ਰਥਾਵਾਂ ਨੂੰ ਰੋਕਿਆ ਜਾ ਸਕਦਾ ਹੈ। ਸੇਵਾ ਭਾਵਨਾ ਨਾਲ ਕੰਮ ਕਰਨ ਵਾਲੀ ਲੀਡਰਸ਼ਿਪ ਨੂੰ ਅੱਗੇ ਲਿਆ ਸਕਦੇ ਹਾਂ ਅਤੇ ਆਪਸੀ ਭਾਈਚਾਰਾ ਬਣਾਈ ਰੱਖ ਸਕਦੇ ਹਾਂ। ਜੇ ਹਰ ਵਾਰਡ ਵਿੱਚ ਇਸ ਤਰ੍ਹਾਂ ਯੂਨੈਨਿਮਸ ਚੋਣ ਹੋਵੇਗੀ ਤਾਂ ਅਸੀਂ ਸਾਰੇ ਮਿਲ ਕੇ ਸ਼ਹਿਰ ਪੱਧਰ ’ਤੇ ਵੀ ਇੱਕ ਸਾਂਝਾ ਫ਼ਰੰਟ ਬਣਾਕੇ ਪ੍ਰਧਾਨ ਨੂੰ ਵੀ ਯੂਨੈਨਿਮਸ ਤੌਰ ’ਤੇ ਚੁਣ ਸਕਦੇ ਹਾਂ। ਆਉ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਸ਼ਹਿਰ ਦੇ ਚੰਗੇ ਭਵਿੱਖ ਲਈ ਇਕੱਠੇ ਹੋਈਏ।