ਭਾਕਿਯੂ ਏਕਤਾ ਡਕੌਂਦਾ ਨੇ ਟਰੰਪ ਤੇ ਕੇਂਦਰ ਦੇ ਫੂਕੇ ਪੁਤਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Wed, 11 Feb 2026 07:15 PM (IST)
Updated Date: Thu, 12 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭਾਰਤ ਅਮਰੀਕਾ ਵਿਚਕਾਰ ਹੋਏ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਰਤ ਸਰਕਾਰ ਸਾਮਰਾਜੀ ਮੁਲਕ ਅਮਰੀਕਾ ਅੱਗੇ ਝੁੱਕਦਿਆਂ ਧੜਾਧੜ ਲੋਕ ਵਿਰੋਧੀ ਕਾਨੂੰਨ ਪਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਖੇਤੀ ਡੇਅਰੀ ਅਤੇ ਪੋਲਟਰੀ ਪ੍ਰੋਡਕਟਾਂ ਨੂੰ ਵਪਾਰ ਸਮਝੋਤੇ ਵਿੱਚ ਰੱਖਿਆ ਹੈ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਜਿੱਥੇ ਅਮਰੀਕੀ ਪ੍ਰੋਡਕਟਾਂ ਨੂੰ ਦੇਸ਼ ਅੰਦਰ ਆਉਣ ਦੀ ਮਾਨਤਾ ਮਿਲਦੀ ਹੈ ਉਥੇ ਹੀ ਦੇਸ਼ ਵਿੱਚ ਪੈਦਾ ਹੋਣ ਵਾਲੇ ਅਨਾਜ ਦੀ ਬੇਕਦਰੀ ਹੋਣੀ ਤੈਅ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਟਰੇਡ ਯੂਨੀਅਨ ਵੱਲੋਂ ਕੀਤੀ ਜਾ ਰਹੀ 12 ਫ਼ਰਵਰੀ ਦੀ ਦੇਸ਼ ਪੱਧਰੀ ਹੜਤਾਲ ਵਿੱਚ ਜਥੇਬੰਦੀ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਹੜਤਾਲ ਕਿਸਾਨ-ਮਜ਼ਦੂਰ-ਦੁਕਾਨਦਾਰ-ਵਪਾਰੀ ਏਕਤਾ ਲਈ ਇੱਕ ਵੱਡਾ ਉੱਦਮ ਅਤੇ ਸਮਝੌਤੇ ਦੇ ਵਿਰੋਧ ਵਿੱਚ ਇੱਕ ਵੱਡਾ ਘੋਲ ਸਿਰਜਣ ਲਈ ਸਮੇਂ ਦੀ ਲੋੜ ਹੈ। ਜਥੇਬੰਦੀ ਵੱਲੋਂ ਕਿਰਤੀ ਲੋਕਾਂ ਲਈ ਲੰਮਾ ਸਮਾਂ ਸੰਘਰਸ਼ ਕਰਨ ਵਾਲੇ ਇਨਕਲਾਬੀ ਲੇਖਕ ਜੋ ਬੀਤੇ ਦਿਨੀ ਸੰਸਾਰ ਨੂੰ ਅਲਵਿਦਾ ਆਖ ਗਏ ਜਗਜੀਤ ਸਿੰਘ ਲਹਿਰਾ ਨੂੰ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਜਸਪਾਲ ਸਿੰਘ ਉੱਭਾ, ਦਰਸ਼ਨ ਸਿੰਘ, ਲੀਲਾ ਸਿੰਘ ਰੜ੍ਹ, ਜਗਜੀਤ ਸਿੰਘ, ਗੁਰਮੀਤ ਸਿੰਘ ਜੋਗਾ, ਲਾਭ ਸਿੰਘ, ਟਹਿਲ ਸਿੰਘ ਬੁਰਜ ਹਰੀਕੇ, ਗੁਰਜੀਤ ਸਿੰਘ, ਸੁਦਾਗਰ ਸਿੰਘ ਰੱਲਾ, ਮੇਲਾ ਸਿੰਘ ਦਿਆਲਪੁਰਾ ਆਦਿ ਵੀ ਮੌਜੂਦ ਰਹੇ ।