9ਵੇਂ ਚੈਲੇਂਜਰ ਕੱਪ ਦੌਰਾਨ ਵਿਧਾਇਕ ਸਿੰਗਲਾ ਨੇ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ
ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ
Publish Date: Fri, 13 Feb 2026 07:17 PM (IST)
Updated Date: Sat, 14 Feb 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ, ਮਾਨਸਾ ਵੱਲੋਂ 9ਵਾਂ ਚੈਲੇਂਜਰ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਖਾਲਸਾ ਸਕੂਲ ਦੇ ਕ੍ਰਿਕਟ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 16 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਰਣਜੀ ਟ੍ਰਾਫ਼ੀ ਤੇ ਆਈਪੀਐੱਲ ਦੇ ਖਿਡਾਰੀ ਵੀ ਸ਼ਾਮਲ ਹਨ। ਟੂਰਨਾਮੈਂਟ ਦਿਨ ਤੇ ਰਾਤ ਦੋਵਾਂ ਸਮਿਆਂ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਰਾਤ ਦੇ ਮੈਚ ਦੌਰਾਨ ਮਾਨਸਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਵਿਜੈ ਸਿੰਗਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕੇਜੀਐਫ਼ ਫ਼ਤਿਹਗੜ੍ਹ ਸਾਹਿਬ ਤੇ ਵੈਲੀ ਸਟਾਰ ਗੰਦਰਬਲ (ਕਸ਼ਮੀਰ) ਦੀਆਂ ਟੀਮਾਂ ਨਾਲ ਜਾਣ-ਪਛਾਣ ਕੀਤੀ ਤੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਵਿਧਾਇਕ ਡਾ. ਵਿਜੈ ਸਿੰਗਲਾ ਜੀ ਦਾ ਸਵਾਗਤ ਵੈਲਕਮ ਕਮੇਟੀ ਵੱਲੋਂ ਜਤਿੰਦਰ ਅਗਰਾ ਤੇ ਜਗਮੋਹਨ ਸਿੰਘ ਨੇ ਗਰਮਜੋਸ਼ੀ ਨਾਲ ਕੀਤਾ। ਸਵੇਰੇ ਦੇ ਸਮੇਂ ਐਲਐਲ ਚੰਡੀਗੜ੍ਹ ਅਤੇ ਵੀਸੀਸੀ ਸਾਹਨੇਵਾਲ ਵਿਚਾਲੇ ਮੈਚ ਖੇਡਿਆ ਗਿਆ, ਜਿਸ ’ਚ ਵੀਸੀਸੀ ਸਹਨੇਵਾਲ ਟੀਮ ਨੇ 40 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਮੈਚ ’ਚ ਭਗਮਿੰਦਰ ਲਾਥਰ ਨੂੰ ਮੈਨ ਆਫ਼ ਦ ਮੈਚ ਘੋਸ਼ਿਤ ਕੀਤਾ ਗਿਆ। ਰਾਤ ਦੇ ਮੈਚ ਵਿੱਚ ਵੈਲੀ ਸਟਾਰ ਗੰਦਰਬਲ ਟੀਮ ਦੇ ਖਿਡਾਰੀ ਕੁਨਾਲ ਸਿੰਘ ਰਾਠੌਰ ਨੇ 54 ਗੇਂਦਾਂ ’ਚ ਟੂਰਨਾਮੈਂਟ ਦੀ ਪਹਿਲੀ ਸੈਂਚਰੀ ਬਣਾਈ ਤੇ ਟੀਮ ਨੇ ਇਹ ਮੈਚ 144 ਦੌੜਾਂ ਨਾਲ ਆਪਣੇ ਨਾਮ ਕੀਤਾ। ਕੁਨਾਲ ਸਿੰਘ ਰਾਠੌਰ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ ਤੇ ਰਾਤ ਦੇ ਮੈਚ ਤੋਂ ਬਾਅਦ ਡਾ. ਮਨੋਜ ਸਿੰਘ ਮਿੱਤਲ (ਨਿਊ ਸਤਯਮ ਡਾਇਗਨੋਜ਼ ਸੈਂਟਰ) ਵੱਲੋਂ ਉਨ੍ਹਾਂ ਨੂੰ ਇਨਾਮ ਪ੍ਰਦਾਨ ਕੀਤਾ। ਕਮੈਂਟਰੀ ਦੌਰਾਨ ਅਜੈ ਕੁਮਾਰ ਅਤੇ ਵਿਸ਼ਾਲ ਸ਼ਰਮਾ ‘ਵਿੱਕੀ’ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਸੁਭਾਸ਼ ਕੁਮਾਰ ਬੱਸੀ ਤੇ ਨਰਿੰਦਰ ਕੁਮਾਰ ‘ਹੈਪੀ’ ਨੇ ਵੀ ਟੂਰਨਾਮੈਂਟ ਦੀ ਸ਼ਲਾਘਾ ਕੀਤੀ।