ਡਾ. ਅੰਬੇਡਕਰ ਦੀ 135ਵੀਂ ਜੈਅੰਤੀ ’ਤੇ ਪੁੱਜਣ ਕਾਂਗਰਸੀ : ਕੁਲਵੰਤ ਰਾਏ
ਭਾਰਤ ਦੇ ਸੰਵਿਧਾਨ ਦੇ ਰਚੇਤਾ ਅਤੇ ਮਹਾਨ
Publish Date: Mon, 13 Apr 2026 07:15 PM (IST)
Updated Date: Tue, 14 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਭਾਰਤ ਦੇ ਸੰਵਿਧਾਨ ਦੇ ਰਚੇਤਾ ਅਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੀ 135ਵੀਂ ਜਨਮ ਵਰ੍ਹੇਗੰਢ 14 ਅਪ੍ਰੈਲ ਨੂੰ ਪੂਰ੍ਹੇ ਦੇਸ਼ ਵਿੱਚ ਸ਼ਰਧਾ ਅਤੇ ਸਨਮਾਨ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਮਾਨਸਾ ਵਿੱਚ ਵੀ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੰਬੇਡਕਰ ਜੈਯੰਤੀ ਹਰ ਸਾਲ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਜੋ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਸਿਧਾਂਤਾਂ ਨੂੰ ਸਮਰਪਿਤ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਵੱਲੋਂ ਜਾਰੀ ਨਿੱਜੀ ਸੁਨੇਹੇ ਵਿੱਚ ਦੱਸਿਆ ਗਿਆ ਕਿ ਪਵਿੱਤਰ ਦਿਹਾੜੇ ’ਤੇ ਸਵੇਰੇ 10:30 ਵਜੇ ਬਾਲ ਭਵਨ ਮਾਨਸਾ ਵਿਖੇ ਸਾਰੇ ਵਰਕਰ ਅਤੇ ਸ਼ਰਧਾਲੂ ਇਕੱਠੇ ਹੋਣਗੇ।
ਇਸ ਬਾਅਦ ਜਥੇਬੰਦੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਸਥਿਤ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲਮਾਲਾ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਆਪਣੀ ਪੂਰ੍ਹੀ ਜ਼ਿੰਦਗੀ ਦਲਿਤਾਂ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਲਈ ਸਮਰਪਿਤ ਕੀਤੀ ਅਤੇ ਭਾਰਤ ਨੂੰ ਇੱਕ ਮਜ਼ਬੂਤ ਸੰਵਿਧਾਨ ਦਿੱਤਾ, ਜਿਸ ਨਾਲ ਦੇਸ਼ ਵਿੱਚ ਸਮਾਨਤਾ ਅਤੇ ਨਿਆਂ ਦੀ ਨੀਂਹ ਪਈ। ਉਨ੍ਹਾਂ ਦੇ ਵਿਚਾਰ ਅੱਜ ਵੀ ਹਰ ਇਕ ਨਾਗਰਿਕ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਸਾਰੇ ਕਾਂਗਰਸੀ ਵਰਕਰਾਂ, ਸਮਾਜ ਸੇਵਕਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਸਮਾਗਮ ਨੂੰ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਨੂੰ ਬਾਬਾ ਸਾਹਿਬ ਦੇ ਸਿਧਾਂਤਾਂ ‘ਤੇ ਚੱਲਣ ਅਤੇ ਸਮਾਜ ਵਿੱਚ ਭਾਈਚਾਰਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦੇ ਹਨ। ਇਸ ਮੌਕੇ ਸੰਬੋਧਨ ਅਤੇ ਸਮਾਜਿਕ ਇਕਤਾ ਦੇ ਸੰਦੇਸ਼ ਵੀ ਦਿੱਤੇ ਜਾਣਗੇ। ਆਯੋਜਕਾਂ ਅਨੁਸਾਰ, ਇਹ ਸਮਾਗਮ ਸਿਰਫ਼ ਇੱਕ ਸ਼ਰਧਾਂਜਲੀ ਹੀ ਨਹੀਂ, ਸਗੋਂ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਇੱਕ ਉਪਰਾਲਾ ਵੀ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਜੋੜਿਆ ਜਾ ਸਕੇ।